
ਮਾਨਸਾ 28 ਸਤੰਬਰ (ਸਾਰਾ ਯਹਾ/ਬੀਰਬਲ ਧਾਲੀਵਾਲ) :ਡੀ.ਟੀ.ਐੱਫ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਮ ਸਿੰਘ ਜੀ ਅੱਕਾਂਵਾਲ਼ੀ ਦੀ ਸੇਵਾ-ਮੁਕਤੀ ਦੇ ਮੌਕੇ ‘ਤੇ ਡੀ.ਟੀ.ਐੱਫ ਮਾਨਸਾ ਵੱਲੋਂ ਪ੍ਰਧਾਨ ਸ੍ਰੀ ਗੁਰਪਿਆਰ ਕੋਟਲੀ ਦੀ ਅਗਵਾਈ ਹੇਠ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ‘ਸਮਾਜਿਕ-ਰਾਜਨੀਤਕ ਪ੍ਰਸਥਿਤੀਆਂ ਅਤੇ ਅਧਿਆਪਕ ‘ ਵਿਸ਼ੇ ‘ਤੇ ਕਨਵੈਨਸ਼ਨ ਕਰਵਾਈ ਗਈ।ਇਸ ਸਮੇਂ ਪ੍ਰੋਫੈਸਰ ਕੁਮਾਰ ਸੁਸ਼ੀਲ, ਸ੍ਰੀ ਸੁਖਦਰਸ਼ਨ ਨੱਤ ਅਤੇ ਸ੍ਰੀ ਦਵਿੰਦਰ ਪੂਨੀਆਂ ਮੁੱਖ ਬੁਲਾਰੇ ਸਨ। ਪ੍ਰੋਫੈਸਰ ਕੁਮਾਰ ਸੁਸ਼ੀਲ ਨੇ ਕਿਹਾ ਕਿ ਅਧਿਆਪਕ ਵਰਗ ਨੇ ਇਤਿਹਾਸ ਵਿੱਚ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਮੌਜੂਦਾ ਸਮਿਆਂ ਵਿੱਚ, ਜਦੋਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਪਿੱਛਲੱਗੂ ਬਣਕੇ ‘ਨਵੀਂ ਸਿੱਖਿਆ ਨੀਤੀ-2020’ ਜਿਹੇ ਮਾੜੇ ਫੈਸਲੇ ਲਾਗੂ ਕਰਕੇ ਸਿੱਖਿਆ ਦਾ ਉਜਾੜਾ ਕਰਨ ‘ਤੇ ਤੁਲੀਆਂ ਹੋਈਆਂ ਹਨ ਤਾਂ ਅਜਿਹੇ ਸਮਿਆਂ ਵਿੱਚ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਅਜਿਹੇ ਲੋਕ-ਵਿਰੋਧੀ ਫੈਸਲਿਆਂ ਖਿਲਾਫ਼ ਜੂਝ ਰਹੀਆਂ ਧਿਰਾਂ ਨਾਲ਼ ਖੜਨ ਅਤੇ ਜ਼ਮੀਨੀਂ ਪੱਧਰ ‘ਤੇ ਲੋਕਾਂ ਨੂੰ ਸੁਚੇਤ ਕਰਨ। ਸਾਬਕਾ ਸੂਬਾ ਸਕੱਤਰ ਡੀ.ਈ.ਐੱਫ ( ਡੈਮੋਕਰੇਟਿਕ ਇੰਮਲਾਈਜ ਫੈਡਰੇਸ਼ਨ) ਕਾਮਰੇਡ ਸੁਖਦਰਸ਼ਨ ਨੱਤ ਨੇ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਹਾਲ ਦੇ ਦਿਨਾਂ ਵਿੱਚ ਪਾਸ ਕੀਤੇ ਖੇਤੀ ਆਰਡੀਨੈਂਸਾਂ ਅਤੇ ਮਜ਼ਦੂਰ ਵਿਰੋਧੀ ਬਿਲਾਂ ਨੂੰ ਲੋਕ ਵਿਰੋਧੀ ਐਲਾਨਦਿਆਂ ਕਿਹਾ ਕਿ ਇਹ ਬਿੱਲ ਕੇਵਲ ਕਿਸਾਨੀ ਅਤੇ ਮਜ਼ਦੂਰਾਂ ਦਾ ਉਜਾੜਾ ਹੀ ਨਹੀਂ ਕਰਨਗੇ ਸਗੋਂ ਸਮਾਜ ਦੇ ਸਾਰੇ ਤਬਕਿਆਂ ਅਤੇ ਮੁਲਾਜ਼ਮ ਵਰਗ ਨੂੰ ਵੀ ਆਪਣੀ ਚਪੇਟ ਵਿੱਚ ਲੈਣਗੇ, ਇਸ ਲਈ ਅਧਿਆਪਕ ਵਰਗ ਨੂੰ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ,ਮਜ਼ਦੂਰਾਂ, ਮੁਲਾਜ਼ਮਾਂ,ਛੋਟੇ ਵਪਾਰੀਆਂ ਅਤੇ ਵਿਦਿਆਰਥੀਆਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਬਿੱਲਾਂ ਖ਼ਿਲਾਫ਼ ਸੜਕਾਂ ਤੇ ਉੱਤਰਨਾ ਚਾਹੀਦਾ ਹੈ । ਡੀਟੀਐੱਫ ਦੇ ਸੂਬਾ ਪ੍ਰਧਾਨ ਸ੍ਰੀ ਦਵਿੰਦਰ ਪੂਨੀਆਂ ਨੇ ਕਿਹਾ ਕਿ ਸਰਕਾਰਾਂ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਧੜਾਧੜ ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ। ਇਸ ਸਮੇਂ ਸਮਾਜ ਨੂੰ ਸੁਚੱਜੀ ਅਗਵਾਈ ਦੀ ਲੋੜ ਹੈ, ਇਸ ਲਈ ਅਧਿਆਪਕ ਵਰਗ ਨੂੰ ਇਸ ਫਾਸ਼ੀਵਾਦੀ ਦੌਰ ਵਿੱਚ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੀ ਇੱਕ ਅਕਤੂਬਰ ਨੂੰ ਅਧਿਆਪਕਾਂ ਦੀਆਂ ਪੰਜ ਵੱਡੀਆਂ ਜਥੇਬੰਦੀਆਂ ਵੱਲੋਂ ਜਲੰਧਰ ਵਿਖੇ ਏਕਤਾ ਕਨਵੈਨਸ਼ਨ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਦੀ ਅਧਿਆਪਕ ਲਹਿਰ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ। ਅਤੇ ਆਉਣ ਵਾਲੇ ਸਮੇਂ ਵਿੱਚ ਡੀ.ਟੀ.ਐੱਫ ਸਰਕਾਰਾਂ ਦੇ ਲੋਕ ਮਾਰੂ ਫੈਸਲਿਆਂ ਖਿਲਾਫ਼ ਹੋਰ ਵੀ ਵਧੇਰੇ ਬਲ ਨਾਲ਼ ਸੰਘਰਸ਼ ਕਰੇਗੀ। ਮੰਚ-ਸੰਚਾਲਨ ਸ੍ਰੀ ਅਮੋਲਕ ਡੇਲੂਆਣਾ ਵੱਲੋਂ ਕੀਤਾ ਗਿਆ। ਸ੍ਰੀ ਗੁਰਪਿਆਰ ਕੋਟਲੀ ਨੇ ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਕਿਹਾ ਅਤੇ ਲੱਖਾ ਸਿੰਘ ਫਫੜੇ ਭਾਈਕੇ ਨੇ ਸ੍ਰੀ ਰਾਮ ਸਿੰਘ ਦੇ ਜੀਵਨ ਅਤੇ ਇੱਕ ਅਧਿਆਪਕ ਵਜੋਂ ਉਨ੍ਹਾਂ ਦੀ ਸਮਾਜਿਕ ਦੇਣ ਬਾਰੇ ਦੱਸਿਆ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ।ਇਸ ਸਮੇਂ ਪਰਮਿੰਦਰ ਸਿੰਘ ਮਾਨਸਾ , ਹਰਗਿਆਨ ਢਿੱਲੋਂ ,ਹਰਪ੍ਰੀਤ ਸਿੰਘ,ਬਲਕਾਰ ਸਿੰਘ,ਸੁਖਵੀਰ ਸਿੰਘ,ਹੰਸਾ ਸਿੰਘ,ਅਮਰਿੰਦਰ ਸਿੰਘ , ਗੁਰਲਾਲ ਗੁਰਨੇ, ਗੁਰਦਾਸ ਗੁਰਨੇ, ਇਕਬਾਲ ਬਰੇਟਾ, ਕ੍ਰਿਸ਼ਨ ਰੰਗੜਿਆਲ, ਕੌਰ ਸਿੰਘ ਫੱਗੂ , ਹਰਵਿੰਦਰ ਮੋਹਲ, ਨਾਹਰ ਸਿੰਘ , ਰਾਜਵਿੰਦਰ ਮੀਰ , ਮਨਪ੍ਰੀਤ ਸਿੰਘ, ਧਰਮਿੰਦਰ ਹੀਰੇਵਾਲਾ ਆਦਿ ਹਾਜ਼ਰ ਸਨ।
