
ਮਾਨਸਾ 02,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ‘ਕੌਮੀ ਸਿੱਖਿਆ ਨੀਤੀ 2020’ ਨੂੰ ਲਾਗੂ ਕਰਕੇ ਸਿੱਖਿਆ ਖੇਤਰ ਨੂੰ ਵੀ ਬਾਕੀ ਖੇਤਰਾਂ ਵਾਂਗ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਓਸੇ ਨੀਤੀ ਦੀਆਂ ਮੱਦਾਂ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਦਿਆਂ ਮਾਰੂ ਤਬਾਦਲਾ ਨੀਤੀ ਲਿਆ ਕੇ, ਲਾਗੂ ਕਰਕੇ ਪੋਸਟਾਂ ਦੀ ਵੱਡੇ ਪੱਧਰ ‘ਤੇ ਕਟੌਤੀ ਕਰ ਰਹੀ ਹੈ। ਅਧਿਆਪਕਾਂ ਦੀ ਪ੍ਰਤੀਨਿਧ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਨੇ ਪ੍ਰੈਸ ਬਿਆਨ ਰਾਹੀਂ ਵਿਭਾਗ ਦੀ ਤਬਾਦਲਾ ਨੀਤੀ ‘ਤੇ ਸੁਆਲ ਕਰਦਿਆਂ ਕਿਹਾ ਆਗੂਆਂ ਨੇ ਕਿਹਾ ਕਿ ਇਸ ਤੋਂ ਨੀਤੀ ਨਾਲ ਤਾਂ ਆਪਣੇ ਘਰਾਂ ਤੋਂ ਦੂਰ-ਦੁਰਾਡੇ ਸਟੇਸ਼ਨਾਂ ‘ਤੇ ਬੈਠੇ, ਆਪਣੇਂ ਪਿੱਤਰੀ ਜ਼ਿਲਿਆਂ ਵਿੱਚ ਵਾਪਸੀ ਦੀ ਉਡੀਕ ਕਰ ਰਹੇ ਅਧਿਆਪਕਾਂ ਦੀਆਂ ਸਮੱਸਿਆਵਾਂ ਵਿੱਚ ਹੋਰ ਇਜ਼ਾਫਾ ਹੋਵੇਗਾ। ਇਸ ਤੋਂ ਇਲਾਵਾ ਵਿਭਾਗ ਦੀਆਂ ਸੈਂਕੜੇ ਆਸਾਮੀਆਂ ਦਾ ਭੋਗ ਪੇ ਜਾਵੇਗਾ।ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਨਿੱਜੀਕਰਨ ਦੀਆਂ, ਆਊਟ ਸੋਰਸਿੰਗ ਦੀਆਂ ਨੀਤੀਆਂ ਲਾਗੂ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਬਦਲੀਆਂ ਦੀ ਆੜ ਵਿੱਚ ਰੈਸ਼ਨੇਲਾਈਜ਼ੇਸ਼ਨ ਕਰਕੇ ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਦੀਆਂ ਆਸਾਮੀਆਂ ਖਤਮ

ਕੀਤੀਆਂ ਜਾ ਰਹੀਆਂ ਹਨ। ਤਕਨੀਕੀ ਨੁਕਸ ਦਾ ਬਹਾਨਾ ਬਣਾ ਕੇ ਆਸਾਮੀਆਂ ਦਾ ਉਜਾੜਾ ਕੀਤਾ ਜਾ ਰਿਹਾ। ਮਿਡਲ ਸਕੂਲਾਂ ਚੋਂ ਪੀਟੀਆਈ ਅਧਿਆਪਕਾਂ ਦੀਆਂ 228 ਆਸਾਮੀਆਂ ਬਲਾਕਾਂ ਵਿੱਚ ਸ਼ਿਫਟ ਕਰ ਦਿੱਤੀਆਂ ਗਈਆਂ ਹਨ। ਜਥੇਬੰਦੀ ਪੰਜਾਬ ਸਰਕਾਰ ਦੇ ਇਹਨਾਂ ਨਾਦਰਸ਼ਾਹੀ ਫੁਰਮਾਨਾਂ ਦਾ ਤਿੱਖਾ ਵਿਰੋਧ ਕਰਦੀ ਹੈ। ਸ਼ਮਸ਼ੇਰ ਸਿੰਘ ਤੇ ਚਰਨਪਾਲ ਦਸੌਧੀਆਂ ਆਗੂਆਂ ਨੇ ਕਿਹਾ ਕਿ ਆਨ ਲਾਈਨ ਸਿੱਖਿਆ ਨੀਤੀ ਨੂੰ ਥਾਪੜਾ ਦੇ ਕੇ ਸਿੱਖਣ ਪ੍ਰਕਿਰਿਆ ਵਿਚੋਂ ਅਧਿਆਪਕ ਦੀ ਭੂਮਿਕਾ ਨੂੰ ਮਨਫੀ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀਆਂ ਸੇਵਾਵਾਂ ਨੂੰ ਅਨਿਯਮਿਤ ਕਰਕੇ ਆਰਥਿਕ ਲਾਭਾਂ ‘ਤੇ ਕੱਟ ਲਾਇਆ ਜਾ ਰਿਹਾ ਹੈ। ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇਣ ਅਤੇ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਅਜਿਹੇ ਹਾਲਤਾਂ ਨੂੰ ਮੋੜਾ ਦੇਣ ਲਈ ਦੇਸ਼ ਦੀ ਕਿਸਾਨ ਲਹਿਰ ਵਾਂਗ ਮਜਬੂਤ ਅਧਿਆਪਕ ਅਤੇ ਵਿਸ਼ਾਲ ਮੁਲਾਜਮ ਲਹਿਰ ਦੀ ਉਸਾਰੀ ਸਮੇਂ ਦੀ ਅਣਸਰਦੀ ਲੋੜ ਹੈ। ਜਿਸ ਤਹਿਤ ਡੈਮੋਕਰੈਟਿਕ ਟੀਚਰਜ਼ ਹਰ ਮੁਹਾਜ਼ ‘ਤੇ ਵਿੱਢੇ ਗਏ ਲੋਕ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੇਗੀ।

ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਹਰਜਿੰਦਰ ਅਨੂਪਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਵੱਖ – ਵੱਖ ਵਿਭਾਗਾਂ ਦੀ ਆਕਾਰ-ਘਟਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚੋ ਵੱਖ-ਵੱਖ ਵਿਭਾਗਾਂ ਦੀਆਂ ਲੱਗਭਗ 60000 ਅਸਾਮੀਆਂ ਨੁੰ ਬੇਲੋੜੀਆਂ ਦੱਸ ਕੇ ਖਤਮ ਕੀਤਾ ਜਾ ਚੁੱਕਾ ਹੈ। ਸਿੱਖਿਆ ਵਿਭਾਗ ਦੀ ਬੇਲਗਾਮ ਅਫਸਰਸ਼ਾਹੀ ਵਂਲੋਂ ਸਕੂਲ ਵਿੱਚ ਖੌਫਜਦਾ ਮਹੌਲ ਸਿਰਜਿਆ ਜਾ ਰਿਹਾ ਹੈ। ਸਾਰਾ ਸਾਲ ਅਧਿਆਪਕਾਂ ਨੂੰ ਬੇਲੋੜੇ ਟੈਸਟਾਂ ਵਿੱਚ ਉਲਝਾਇਆ ਜਾ ਰਿਹਾ ਹੈ। ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਨਜੂਰਸ਼ੁਦਾ ਪੋਸਟਾਂ ਸਕੂਲਾਂ ਵਿੱਚ ਵਾਪਸ ਨਾ ਕੀਤੀਆਂ ਗਈਆਂ, ਪੀਟੀਆਈ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਿਸ ਨਾ ਭੇਜਿਆ ਗਿਆ ਅਤੇ ਤਬਾਦਲੇ ਲਈ ਸਕੂਲਾਂ ਵਿੱਚ ਖਾਲੀ ਪੋਸਟਾਂ ਈ-ਪੰਜਾਬ ਪੋਰਟਲ ‘ਤੇ ਨਾ ਦਿਖਾਇਆ ਗਿਆ ਤਾਂ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਤਿੱਖਾ ਸੰਘਰਸ਼ ਵਿੱਢੇਗੀ।
ਇਸ ਸਮੇਂ ਕਰਨੈਲ ਬੁਰਜ਼ਹਰੀ,ਗੁਰਤੇਜ ਉੱਭਾ,ਰਾਜਵਿੰਦਰ ਬੈਹਣੀਵਾਲ,ਜਗਰਾਜ ਭੀਖੀ,ਸਿਕੰਦਰ ਰੜ,ਬੇਅੰਤ ਰੜ,ਰਜਿੰਦਰ ਸਿੰਘ, ਵਰਿੰਦਰ ਬਰਾੜ,ਮਨਜੀਤ ਧਾਲੀਵਾਲ,ਮਨਜੀਤ ਝੁਨੀਰ,ਰੇਨੂਬਾਲਾ,ਸੇਵਾ ਸਿੰਘ,ਸਿਕੰਦਰ ਝੱਬਰ,ਲਖਵਿੰਦਰ ਮਾਨ,ਸਹਿਦੇਵ ਸਿੰਘ,ਕਸ਼ਮੀਰ ਸਿੰਘ,ਮਨਜੀਤ ਝੁਨੀਰ, ਹਾਜਰ ਸਨ।
