
ਚੰਡੀਗੜ੍ਹ, 26 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਭਵਿੱਖੀ ਵਿਗਿਆਨਕ ਸਾਧਨਾਂ ਦੀ ਵਰਤੋਂ ਕਰਦਿਆਂ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਮੰਤਵ ਨਾਲ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਮੁਹਾਲੀ ਵਿਖੇ ਪੰਜਾਬ ਪੁਲਿਸ ਦੇ ਐਨ.ਆਰ.ਆਈ. ਮਾਮਲਿਆਂ ਦੇ ਦਫ਼ਤਰ ਵਿੱਚ ਅਤਿ-ਆਧੁਨਿਕ ਪੰਜਾਬ ਸੜਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਦਾ ਉਦਘਾਟਨ ਕੀਤਾ। ਡੀ.ਜੀ.ਪੀ. ਦੇ ਨਾਲ ਏ.ਡੀ.ਜੀ.ਪੀ. ਟਰੈਫਿਕ ਏ.ਐਸ. ਰਾਏ, ਪੰਜਾਬ ਟਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਅਤੇ ਐਸ.ਐਸ.ਪੀ. ਮੁਹਾਲੀ ਵਿਵੇਕ ਸ਼ੀਲ ਸੋਨੀ ਵੀ ਮੌਜੂਦ ਸਨ।ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਆਪਣੀ ਕਿਸਮ ਦੇ ਪਹਿਲੇ ਅਤਿ-ਅਧੁਨਿਕ ਬਹੁ-ਅਨੁਸ਼ਾਸਨੀ ਟ੍ਰੈਫਿਕ ਖੋਜ ਕੇਂਦਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਜੀਓ-ਇਨਫਰਮੈਟਿਕਸ, 3ਡੀ ਮੈਪਿੰਗ, ਡਰੋਨ ਸਰਵੇਖਣ, ਦੁਰਘਟਨਾ ਦੀ ਜਾਂਚ, ਦੁਰਘਟਨਾ ਦਾ ਪੁਨਰ ਨਿਰਮਾਣ, ਸੜਕ ਇੰਜਨੀਅਰਿੰਗ ਅਤੇ ਆਟੋਮੋਟਿਵ ਸੁਰੱਖਿਆ ਸਮੇਤ ਹੋਰ ਕਈ ਸਹੂਲਤਾਂ ਉਪਲੱਬਧ ਹਨ। ਇਸ ਤੋਂ ਇਲਾਵਾ ਇਸ ਕੇਂਦਰ ਵਿੱਚ ਇਨਕਿਊਬੇਸ਼ਨ ਹੱਬ, ਕਾਨਫਰੰਸ ਰੂਮ ਅਤੇ ਲਾਇਬ੍ਰੇਰੀ ਵੀ ਸ਼ਾਮਲ ਹੈ।ਇਸ ਮੌਕੇ ਡੀ.ਜੀ.ਪੀ. ਨੇ ਪੰਜਾਬ ਦੀ ਸਾਲਾਨਾ ਸੜਕੀ ਆਵਾਜਾਈ ਅਤੇ ਦੁਰਘਟਨਾ ਰਿਪੋਰਟ-2020 ਵੀ ਜਾਰੀ ਕੀਤੀ।ਨਵੇਂ ਸਥਾਪਿਤ ਖੋਜ ਕੇਂਦਰ ਦਾ ਦੌਰਾ ਕਰਦਿਆਂ ਡੀ.ਜੀ.ਪੀ. ਨੇ ਪੰਜ ਵੇਰੀਏਬਲ ਮੈਸੇਜ ਸਾਈਨ ਬੋਰਡਾਂ (ਵੀ.ਐਮ.ਐਸ.) ਦਾ ਵੀ ਉਦਘਾਟਨ ਕੀਤਾ। ਇਹ ਡਿਜੀਟਲ ਸਾਈਨ ਬੋਰਡ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਟੀ. ਚੰਡੀਗੜ੍ਹ ਅਤੇ ਰਾਜਸਥਾਨ ਸਮੇਤ ਸਟੇਟ ਬਾਰਡਰ ਐਂਟਰੀ ਪੁਆਇੰਟਾਂ ‘ਤੇ ਟਰੈਫਿਕ ਜਾਮ, ਮੌਸਮ ਜਾਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਅਗਾਊਂ ਜਾਂ ਐਮਰਜੈਂਸੀ ਬਾਰੇ ਅਸਲ ਸਮੇਂ ਵਿੱਚ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਣਗੇ। ਡੀ.ਜੀ.ਪੀ. ਨੇ ਕਿਹਾ ਕਿ ਜਲਦ ਹੀ ਸਾਰੇ ਬਾਰਡਰ ਐਂਟਰੀ ਪੁਆਇੰਟਾਂ ‘ਤੇ ਅਜਿਹੇ ਹੋਰ ਵੀ.ਐਮ.ਐਸ. ਲਗਾਏ ਜਾਣਗੇ।ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਦਾ ਭਵਿੱਖ ਤੱਥਾਂ ਦੇ ਗਿਆਨ ਅਤੇ ਵਿਗਿਆਨਕ ਦਖ਼ਲ ਨਾਲ ਬਣਾਇਆ ਜਾਵੇਗਾ ਅਤੇ ਇਹ ਕੇਂਦਰ ਸੂਬੇ ਵਿੱਚ ਆਧੁਨਿਕ ਟ੍ਰੈਫਿਕ ਪ੍ਰਬੰਧਨ ਦੀਆਂ ਭਵਿੱਖੀ ਚੁਣੌਤੀਆਂ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ।ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਪੁਲਿਸ ਦੇ ਗਜ਼ਟਿਡ ਅਧਿਕਾਰੀਆਂ ਲਈ ਇੱਕ ਉੱਨਤ ਸਿਖਲਾਈ ਕੇਂਦਰ ਅਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਅਭਿਲਾਸ਼ੀ ਆਈ.ਆਰ.ਏ.ਡੀ. ਪ੍ਰੋਜੈਕਟ ਦੇ ਲਾਗੂ ਕਰਨ ਲਈ ਨੋਡਲ ਕੇਂਦਰ ਵਜੋਂ ਵੀ ਕੰਮ ਕਰੇਗਾ।ਜ਼ਿਕਰਯੋਗ ਹੈ ਕਿ ਏਕੀਕ੍ਰਿਤ ਸੜਕ ਦੁਰਘਟਨਾ ਡੇਟਾਬੇਸ (ਆਈ.ਆਰ.ਏ.ਡੀ.) ਪ੍ਰੋਜੈਕਟ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐਮ.ਓ.ਆਰ.ਟੀ.ਐਚ.) ਦੀ ਇੱਕ ਪਹਿਲਕਦਮੀ ਹੈ, ਜਿਸਦਾ ਉਦੇਸ਼ ਦੁਰਘਟਨਾ ਡੇਟਾਬੇਸ ਤਿਆਰ ਕਰਕੇ ਦੇਸ਼ ਵਿੱਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ।ਏ.ਡੀ.ਜੀ.ਪੀ. ਏ.ਐੱਸ. ਰਾਏ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡੀ ਵਾਹਨ ਤਕਨਾਲੋਜੀ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਸਾਡੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖੁਦ ਟ੍ਰੈਫਿਕ ਨਿਯੰਤਰਣ ਜਾਂ ਨਿਯਮ ਦੇ ਅਨੁਭਵ-ਅਧਾਰਤ ਢੰਗ ਤੋਂ ਅਸਲ ਸਮੇਂ ਦੀ ਜਾਣਕਾਰੀ ਦੇ ਆਧਾਰ ‘ਤੇ ਟ੍ਰੈਫਿਕ ਪ੍ਰਬੰਧਨ ਦੇ ਆਧੁਨਿਕ ਤਰੀਕਿਆਂ ਤੱਕ ਅੱਪਗਰੇਡ ਕਰਨ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕੇਂਦਰ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਕੜੀ ਵਜੋਂ ਕੰਮ ਕਰੇਗਾ।ਅੰਕੜਿਆਂ ਅਨੁਸਾਰ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 11-12 ਕੀਮਤੀ ਜਾਨਾਂ ਜਾ ਰਹੀਆਂ ਹਨ। ਸਾਲ 2020 ਵਿੱਚ, ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ‘ਚ 2019 ਦੇ ਮੁਕਾਬਲੇ 14 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਹੈ। ਸਮੱਸਿਆਵਾਂ ਦੇ ਹੱਲ ਲਈ ਸੜਕ ਸੁਰੱਖਿਆ ਮਾਹਿਰਾਂ ਦੇ ਸਹਿਯੋਗ ਨਾਲ ਬਲੈਕ ਸਪਾਟ ਦੀ ਪਛਾਣ ਅਤੇ ਸੁਧਾਰ ਪ੍ਰੋਗਰਾਮ, ਸੁਰੱਖਿਅਤ ਪੰਜਾਬ ਪ੍ਰੋਗਰਾਮ, ਵਿਜ਼ਨ ਜ਼ੀਰੋ ਪ੍ਰੋਗਰਾਮ ਵਰਗੇ ਉਪਰਾਲਿਆਂ ਨਾਲ ਸੜਕ ਹਾਦਸਿਆਂ ਅਤੇ ਮੌਤਾਂ ਵਿੱਚ ਕਮੀ ਦੇ ਮਾਮਲੇ ਸਬੰਧੀ ਮਹੱਤਵਪੂਰਨ ਨਤੀਜੇ ਹਾਸਲ ਕੀਤੇ ਹਨ।ਡਾ. ਅਸੀਜਾ ਨੇ ਕਿਹਾ ਕਿ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਖੋਜ ਕੇਂਦਰ ਹੈ ਜਿਸ ਨੂੰ ਡੇਟਾ ਟੂ ਡਿਸੀਜ਼ਨ (ਡੀ2ਡੀ) ਪਹੁੰਚ ‘ਤੇ ਸੰਕਲਪਿਤ ਕੀਤਾ ਗਿਆ ਹੈ ਅਤੇ ਬਿਹਤਰ ਸੂਬਾਈ ਖੋਜ ਭਵਿੱਖੀ ਲਾਗੂ ਕਰਨ ਦੀਆਂ ਰਣਨੀਤੀਆਂ ਨੂੰ ਆਕਾਰ ਦੇਵੇਗੀ ਅਤੇ ਸੜਕ ਹਾਦਸੇ ਅਤੇ ਇਹਨਾਂ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਿੱਚ ਮਦਦਗਾਰ ਹੋਵੇਗੀ।———–
