
ਮਾਨਸਾ 16 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ): ਅੱਜ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ, ਮਾਨਸਾ ਵਿਖੇ ਮਹਾਤਮਾ ਆਨੰਦ ਸਵਾਮੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਵੇਰੇ ਹਵਨ ਕਰਵਾਇਆ ਗਿਆ |ਮਹਾਤਮਾ ਆਨੰਦ ਸਵਾਮੀ ਜੀ ਨੇ ਗਾਇਤਰੀ ਮੰਤਰ ਦਾ ਜਾਪ ਕਰਕੇ ਸਿੱਧੀ ਪ੍ਰਾਪਤ ਕੀਤੀ ਸੀ ਅਤੇ ਉਹ ਗਾਇਤਰੀ ਮੰਤਰ ਦੀ ਮਹਿਮਾ ਤੋਂ ਸਾਰਿਆਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਸਨ। ਉਹਨਾਂ ਨੇ ਅਨੰਦ ਦੇ ਅਨੰਤ ਖਜਾਨੇ ਨੂੰ ਵੰਡ ਦਿੱਤਾ,ਜੋ ਉਸਨੂੰ ਪ੍ਰਾਪਤ ਹੋਇਆ ਸੀ। ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਵਿੱਚ ਵੀ ਇਹ ਖੁਸ਼ੀ ਸਾਂਝੀ ਕਰਦੇ ਰਹੇ। ਇਸੇ ਖੁਸ਼ੀ ਨੂੰ ਅਨੁਭਵ ਕਰਨ ਲਈ ਸਕੂਲ ਵਿੱਚ ਸ਼ਾਮ ਨੂੰ ਇੱਕ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਧਿਆਪਕਾਂ ਵੱਲੋਂ ਵੱਖ-ਵੱਖ ਭਜਨਾਂ ਦੀ ਪੇਸ਼ਕਾਰੀ ਕੀਤੀ ਗਈ। ਅੱਜ-ਕੱਲ੍ਹ ਅਸੀਂ ਸਾਰੇ ਆਪਣੇ ਕੰਮ ਵਿੱਚ ਇੰਨੇ ਰੁੱਝੇ ਹੋਏ ਹਾਂ ਕਿ ਅਸੀਂ ਅਧਿਆਤਮਿਕਤਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਮਾਨਸਿਕ ਤਣਾਅ ਵਿੱਚ ਰਹਿ ਰਹੇ ਹਾਂ। ਇਸ ਭਜਨ ਸੰਧਿਆ ਕਾਰਨ ਮਾਹੌਲ ਆਨੰਦਮਈ ਹੋ ਗਿਆ ਅਤੇ ਸਮੂਹ ਅਧਿਆਪਕਾਂ ਨੇ ਆਤਮਿਕ ਆਨੰਦ ਦੀ ਪ੍ਰਾਪਤੀ ਕੀਤੀ। ਸਕੂਲ ਵਿੱਚ ਸਮੇਂ-ਸਮੇਂ ‘ਤੇ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਕਿਉਂਕਿ ਡੀਏਵੀ ਸੰਸਥਾ ਦਾ ਉਦੇਸ਼ ਭਾਰਤੀ ਸੱਭਿਆਚਾਰ ਜੋ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਪਤਨ ਵੱਲ ਜਾ ਰਿਹਾ ਹੈ, ਨੂੰ ਉੱਚਾ ਚੁੱਕਣਾ ਹੈ। ਸਕੂਲ ਦੇ ਪ੍ਰਧਾਨਾਂਚਾਰਿਆਂ ਸ਼੍ਰੀ ਵਿਨੋਦ ਰਾਣਾ ਜੀ ਨੇ ਸਮੂਹ ਅਧਿਆਪਕਾਂ ਨੂੰ ਮਹਾਤਮਾ ਆਨੰਦ ਸਵਾਮੀ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਲਈ ਪ੍ਰੇਰਿਤ ਕੀਤਾ!ਅਤੇ ਕਿਹਾ ਕਿ ਸਾਨੂੰ ਵੀ ਉਹਨਾਂ ਦੀ ਤਰਾ ਆਨੰਦ ਨੂੰ ਵੰਡਦੇ ਹੋਏ ਦੂਜਿਆਂ ਦੇ ਦੁੱਖਾਂ ਨੂੰ ਵੱਧ ਤੋਂ ਵੱਧ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
