ਚੰਡੀਗੜ੍ਹ, 11 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ): ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਅਨਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੀਆਂ ਵੱਖ ਵੱਖ ਡੀਪੂ ਹੋਲਡਰ ਯੂਨੀਅਨਾਂ ਦੇ ਮੁਖੀਆਂ ਨਾਲ ਕਪੂਰਥਲਾ ਅਤੇ ਅੰਮ੍ਰਿਤਸਰ ਦੇ ਕੱਥੂਨੰਗਲ ਅਧੀਨ ਆਉਂਦੇ ਪਿੰਡ ਰਾਮਦੀਵਾਲੀ ਹਿੰਦੂਆ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ।
ਸ੍ਰੀ ਆਸ਼ੂ ਨੇ ਮੀਟਿੰਗ ਦੀ ਸ਼ੁਰੂਆਤ ਵਿਚ ਕਪੂਰਥਲਾ ਅਤੇ ਅੰਮ੍ਰਿਤਸਰ ਦੇ ਕੱਥੂਨੰਗਲ ਅਧੀਨ ਆਉਂਦੇ ਪਿੰਡ ਰਾਮਦੀਵਾਲੀ ਹਿੰਦੂਆਂ ਵਿੱਚ ਵਾਪਰੀਆਂ ਘਟਨਾਵਾਂ ਤੇ ਅਫਸੋਸ ਜ਼ਾਹਰ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।ਇਸ ਮੌਕੇ ਬੋਲਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਡੀਪੂ ਹੋਲਡਰਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਅਧੀਨ ਏ.ਏ.ਵਾਈ. ਅਤੇ ਪੀ.ਐਚ.ਐਚ. ਕੈਟਾਗਿਰੀ ਨੂੰ 5 ਕਿਲੋ ਪ੍ਰਤੀ ਜੀਅ ਕਣਕ ਅਤੇ ਇੱਕ ਪਰਿਵਾਰ ਨੂੰ ਇੱਕ ਕਿਲੋ ਦਾਲ ਦੀ ਵੰਡ 3 ਮਹੀਨਿਆਂ ਲਈ ਇਕੱਠੇ ਤੌਰ ਤੇ ਮੁਫਤ ਕੀਤੀ ਜਾ ਰਹੀ ਵੰਡ ਸਬੰਧੀ ਖੁਰਾਕ ਮੰਤਰੀ ਨੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਰਾਜ ਦੇ ਸਮੂਹ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਜੇਕਰ ਕੋਈ ਲਾਭਪਾਤਰੀ ਪੱਧਰ ਤੇ ਝਗੜਾ ਹੋਣ ਦਾ ਖਦਸ਼ਾ ਹੋਵੇ ਤਾਂ ਉਹ ਆਪਣੇ ਜਿਲ੍ਹੇ ਦੇ ਐਸ.ਐਸ.ਪੀ. ਨੂੰ ਰਾਸ਼ਨ ਦੀ ਵੰਡ ਦੌਰਾਨ ਸੁਰੱਖਿਆ ਵਜੋਂ ਪੁਲਿਸ ਦੀ ਤਾਇਨਾਤੀ ਕੀਤੇ ਜਾਣ ਸਬੰੰਧੀ ਬੇਨਤੀ ਕਰ ਸਕਦੇ ਹਨ। ਇਸ ਤੋਂ ਇਲਾਵਾ ਅਨਾਜ ਦੀ ਵੰਡ ਮੌਕੇ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵੀ ਯਕੀਨੀ ਬਣਾਈ ਜਾਵੇ।
ਸ੍ਰੀ ਆਸ਼ੂ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਭਾਗ ਵਲੋਂ ਵੀ ਡੀਪੂ ਹੋਲਡਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਰਾਜ ਦੇ ਸਮੂਹ ਐਸ.ਐਸ.ਪੀਜ/ ਪੁਲਿਸ ਕਮਿਸ਼ਨਰਜ ਨੂੰ ਵੀ ਪੱਤਰ ਭੇਜਿਆ ਜਾ ਰਿਹਾ ਹੈ ਕਿ ਜੇ ਉਨ੍ਹਾਂ ਨੂੰ ਵੀ ਅਨਾਜ ਵੰਡ ਮੌਕੇ ਕੋਈ ਗੜਬੜੀ ਹੋਣ ਦੀ ਸੂਚਨਾ ਮਿਲੇ ਤਾਂ ਉਹ ਪੁਖਤਾ ਸੁਰੱਖਿਆ ਪ੍ਰਬੰਧਾਂ ਦਾ ਪ੍ਰਬੰਧ ਕਰਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਪੂਰਥਲਾ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਨਾਜ ਵੰਡ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦੇ ਦਿੱਤੇ ਗੲੇ ਸਨ।
ਇਸ ਮੌਕੇ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮਹੀਨਾ ਜਨਵਰੀ,ਫਰਵਰੀ 2020 ਦੌਰਾਨ ਜਿਹੜੇ ਖਪਤਕਾਰਾਂ ਦੇ ਕਾਰਡ ਖਾਰਜ ਕੀਤੇ ਗਏ ਹਨ ਉਹ ਡੀਪੂ ਹੋਲਡਰਾਂ ਵਲੋਂ ਨਹੀਂ ਬਲਕਿ ਪੜਤਾਲ ਦੌਰਾਨ ਵਿਭਾਗੀ ਹਦਾਇਤਾਂ/ਮਾਪਦੰਡਾਂ ਅਨੁਸਾਰ ਹੀ ਰੱਦ ਕਿਤੇ ਗਏ ਹਨ ਅਤੇ ਇਸ ਵਿੱਚ ਡੀਪੂ ਹੋਲਡਰਾਂ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਕਿਹਾ ਕਿ ਕਾਰਡਾਂ ਦੀ ਸੁਧਾਈ ਦਾ ਕੰਮ ਨਿਰੰਤਰ ਜਾਰੀ ਰਹਿੰਦਾ ਹੈ।
ਸ੍ਰੀ ਆਸ਼ੂ ਨੇ ਇਸ ਮੌਕੇ ਇਹ ਵੀ ਸਪਸ਼ਟ ਕੀਤਾ ਕਿ ਜੇ ਲਾਭਪਾਤਰੀ ਦਾ ਕਾਰਡ ਕੱਟਿਆ ਗਿਆ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਦਾ ਕਾਰਡ ਗਲਤ ਕੱਟ ਹੋਇਆ ਹੈ ਤਾਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀਆਂ ਨੂੰ ਅਰਜ਼ੀ ਦੇ ਕੇ ਆਪਣਾ ਕਾਰਡ ਮੁੜ ਬਣਵਾ ਸਕਦਾ ਹੈ।ਸ੍ਰੀ ਆਸ਼ੂ ਨੇ ਡੀਪੂ ਹੋਲਡਰਾਂ ਨੂੰ ਸਿਹਤ ਵਿਭਾਗ ਦੀਆ ਹਦਾਇਤਾਂ ਅਨੁਸਾਰ ਸਮੇਂ ਸਮੇਂ ਤੇ ਹੱਥ ਸਾਫ ਰੱਖਣ ਲਈ ਜਰੂਰਤ ਅਨੁਸਾਰ ਪਾਣੀ ਅਤੇ ਸਾਬਣ ਆਪਣੇ ਕੋਲ ਜ਼ਰੂਰ ਰੱਖਣ ਦੀ ਵੀ ਅਪੀਲ ਕੀਤੀ।ਡੀਪੂ ਹੋਲਡਰਾਂ ਦੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਸ੍ਰੀ ਸੁਰਿੰਦਰ ਸਿੰਘ ਸ਼ਿੰਦਾ, ਲੁਧਿਆਣਾ ਨੇ ਸ੍ਰੀ ਆਸ਼ੂ ਨੂੰ ਜਾਣੂ ਕਰਵਾਉਂਦਿਆਂ ਕੋਵਿਡ-19 ਮਹਾਂਮਾਰੀ ਦੌਰਾਨ ਗਰੀਬ ਲੋਕਾਂ ਨੂੰ ਵੰਡੀ ਜਾ ਰਹੀ ਕਣਕ/ ਜਿਣਸਾਂ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ।
ਸ੍ਰੀ ਆਸ਼ੂ ਨੇ ਡੀਪੂ ਹੋਲਡਰਾਂ ਦੀਆਂ ਸਾਰੀਆਂ ਮੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ।
ਉਨ੍ਹਾਂ ਕਿਹਾ ਕਿ ਕੋਵਿਡ 19 ਦੋਰਾਨ ਡੀਪੂ ਹੋਲਡਰਾਂ ਵਲੋਂ ਮੁੱਖ ਤੌਰ ਤੇ ਜ਼ੋ ਮੰਗਾਂ ਉਠਾਈਂਆਂ ਗੲੀਆਂ ਸਨ ਉਨ੍ਹਾਂ ਵਿਚੋਂ ਪਹਿਲੀ ਮੰਗ ਅਨੁਸਾਰ ਉਨ੍ਹਾਂ ਨੂੰ ਮੁਫ਼ਤ ਸੈਨੇਟਾਈਜਰ,ਮਾਸਕ ਅਤੇ ਗਲੱਵਜ ਮੁਹੱਈਆ ਕਰਵਾ ਦਿੱਤੇ ਗਏ ਸਨ ਪ੍ਰੰਤੂ ਜੇਕਰ ਕਿਸੇ ਥਾਂ ਅਜੇ ਨਹੀਂ ਮੁਹੱਈਆ ਕਰਵਾਏ ਗਏ ਹਨ ਤਾਂ ਉਨ੍ਹਾਂ ਡੀਪੂ ਹੋਲਡਰਾਂ ਨੂੰ ਮਾਸਕ/ਸੈਨੇਟਾਈਜ਼ਰ ਜਾਰੀ ਕਰਵਾਉਣ ਸਬੰਧੀ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਹੁਕਮ ਦਿੱਤੇ।
ਅਖੀਰ ਵਿਚ ਉਨ੍ਹਾਂ ਡੀਪੂ ਹੋਲਡਰਾਂ ਦਾ ਬੀਮਾ ਕਰਵਾਉਣ ਸਬੰਧੀ ਮਾਮਲੇ ਤੇ ਬੋਲਦਿਆਂ ਕਿਹਾ ਕਿ ਇਹ ਮਾਮਲਾ ਭਾਰਤ ਸਰਕਾਰ ਕੋਲ ਪੂਰਜੋਰ ਤਰੀਕੇ ਨਾਲ ਉਠਾਇਆ ਜਾਵੇਗਾ ਅਤੇ ਇਸ ਸਬੰਧੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ।————–