
ਮਾਨਸਾ 08,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ):: ਪਿਛਲੇ ਅਠਾਰਾਂ ਸਾਲਾਂ ਤੋ ਨਿਗੂਣੀਆਂ ਤਨਖਾਹਾਂ ਤੇ ਸੋਸ਼ਣ ਕਰਵਾ ਰਹੇ ਕੱਚੇ ਅਧਿਆਪਕਾਂ ਤੇ ਕੱਲ ਚੰਡੀਗੜ ਵਿੱਚ ਹੋਏ ਲਾਠੀਚਾਰਜ਼ ਦੀ ਡੀਟੀਐਫ ਮਾਨਸਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਟੀਐਫ ਮਾਨਸਾ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸਕੱਤਰ ਹਰਜਿੰਦਰ ਅਨੂਪਗੜ ਨੇ ਕਿਹਾ ਕਿ ਲੰਬੇ ਸਮੇ ਤੋ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਦਾ ਹਰ ਸਰਕਾਰ ਸੋਸ਼ਣ ਕਰਦੀ ਆ ਰਹੀ।ਕਲ ਜਦ ਉਹ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੱਲ ਵਧ ਰਹੇ ਸਨ ਤਾਂ ਚੰਡੀਗੜ ਪੁਲਿਸ ਨੇ ਵਹਿਸ਼ੀਆਣਾ ਤਰੀਕੇ ਨਾਲ ਲਾਠੀਚਾਰਜ਼,ਪਾਣੀ ਦੀਆਂ ਬੌਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਸ ਨਾਲ ਅਨੇਕਾਂ ਅਧਿਆਪਕ ਜਖਮੀ ਹੋ ਗਏ। ਇਸ ਦੇ ਰੋਸ ਵਜੋਂ ਅੱਜ ਸਕੂਲ ਵਿੱਚ ਡੀਟੀਐਫ ਮਾਨਸਾ ਦੇ ਕਾਰਕੁੰਨਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ।
ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂਆਂ ਗੁਰਤੇਜ ਉੱਭਾ,ਰਾਜਵਿੰਦਰ ਬੈਹਣੀਵਾਲ ਅਤੇ ਬਲਜਿੰਦਰ ਅਕਲੀਆਂ ਨੇ ਕਿਹਾ ਕਿ ਜਦੋ ਤੱਕ ਕੱਚੇ ਅਧਿਆਪਕ ਰੈਗੁਲਰ ਨਹੀ ਕੀਤਾ ਜਾਂਦਾ ਉਦੋ ਤੱਕ ਸੰਘਰਸ਼ ਜ਼ਾਰੀ ਰਹੇਗਾ ਅਤੇ ਡੀਟੀਐਫ ਕੱਚੇ ਅਧਿਆਪਕਾਂ ਦਾ ਹਰ ਪੱਖੋ ਸਮਰਥਨ ਕਰਦੀ ਰਹੇਗੀ। ਇਸ ਮੌਕੇ ਕੁਲਦੀਪ ਅੱਕਾਂਵਾਲੀ, ਚਰਨਪਾਲ ਸਿੰਘ,ਰਾਜਪਾਲ ਬੁਰਜ਼,ਬਾਬਰ ਸਿੰਘ, ਬਲਵਿੰਦਰ ਰੱਲਾ, ਸਿਕੰਦਰ ਸਿੰਘ ਹਾਜ਼ਰ ਸਨ।
