ਚੰਡੀਗੜ੍ਹ, 25 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) :ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਵੀ.ਕੇ. ਭਾਵਰਾ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਲਗਾਏ ਗਏ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦੌਰਾਨ ਮੋਹਰਲੀ ਕਤਾਰ `ਚ ਰਹਿ ਕੇ ਖੂਨ ਦਾਨ ਕੀਤਾ। ਇਸ ਮੌਕੇ ਏ.ਡੀ.ਜੀ.ਪੀ. ਭਲਾਈ ਅਰਪਿਤ ਸ਼ੁਕਲਾ ਵੀ ਮੌਜੂਦ ਸਨ।ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਐੱਚ.ਡੀ.ਐੱਫ.ਸੀ. ਬੈਂਕ ਦੇ ਸਹਿਯੋਗ ਨਾਲ ‘ਡੋਨੇਟ ਬਲੱਡ ਐਂਡ ਸੇਵ ਏ ਲਾਈਫ’ ਦੇ ਬੈਨਰ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ। ਖੂਨ ਦਾਨ ਕੈਂਪ ਦਾ ਆਯੋਜਨ ਡਾਕਟਰ ਪ੍ਰਿਅੰਕਾ ਨਾਗਰਥ ਅਤੇ ਪੀਜੀਆਈਐਮਈਆਰ ਚੰਡੀਗੜ੍ਹ ਦੀ 14 ਮੈਂਬਰੀ ਟੀਮ ਦੀ ਦੇਖ-ਰੇਖ ਵਿੱਚ ਕੀਤਾ ਗਿਆ। ਡੀਜੀਪੀ ਵੀਕੇ ਭਾਵਰਾ ਨੇ ਖੂਨਦਾਨ ਕਰਨ ਲਈ ਅੱਗੇ ਆਉਣ ਵਾਲੇ ਸਾਰੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ ਅਤੇ ਖੂਨਦਾਨੀਆਂ ਨੂੰ ਬੈਜ ਵੀ ਲਗਾਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਭਲਾਈ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ 165 ਦਾਨੀਆਂ ਨੇ ਖੂਨਦਾਨ ਕਰਨ ਲਈ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚੋਂ 120 ਪੁਲਿਸ ਮੁਲਾਜ਼ਮ ਖੂਨਦਾਨ ਲਈ ਯੋਗ ਪਾਏ ਗਏ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਤੋਂ ਇਲਾਵਾ 22 ਪੁਲਿਸ ਮੁਲਾਜ਼ਮਾਂ ਨੇ ਮਰਨ ਉਪਰੰਤ ਸਵੈ-ਇੱਛਾ ਨਾਲ ਅੰਗ ਦਾਨ ਕਰਨ ਦਾ ਵੀ ਪ੍ਰਣ ਕੀਤਾ ਹੈ।ਏ.ਡੀ.ਜੀ.ਪੀ. ਸ਼ੁਕਲਾ ਨੇ ਕਿਹਾ ਕਿ ਲੋੜਵੰਦਾ ਖਾਸ ਕਰਕੇ ਥੈਲੇਸੀਮਿਕ, ਗਰਭਵਤੀ ਔਰਤਾਂ ਅਤੇ ਬਲੱਡ ਕੈਂਸਰ ਦੇ ਮਰੀਜ਼ਾਂ, ਜਿਨ੍ਹਾਂ ਨੂੰ ਬਚਾਅ ਲਈ ਨਿਰੰਤਰ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ, ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣ ਵਾਸਤੇ ਸਾਰੇ ਦਾਨੀਆਂ ਨੂੰ ਪ੍ਰਸ਼ੰਸਾ ਪੱਤਰ, ਗੁਲਾਬ ਦਾ ਫੁੱਲ ਅਤੇ ਇੱਕ ਤੋਹਫ਼ੇ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਉਪਰੰਤ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਚਡੀਐਫਸੀ ਬ੍ਰਾਂਚ ਬੈਂਕਿੰਗ ਹੈੱਡ ਵਿਨੀਤ ਅਰੋੜਾ, ਐਚਡੀਐਫਸੀ ਜ਼ੋਨਲ ਹੈੱਡ ਜਸਜੀਤ ਕਟਿਆਲ, ਐਚਡੀਐਫਸੀ ਜ਼ੋਨਲ ਹੈੱਡ ਕਾਰਪੋਰੇਟ ਸੈਲਰੀਜ਼ ਮੁਨੀਸ਼ ਮੰਗਲੇਸ਼ ਅਤੇ ਏਆਈਜੀ ਵੈਲਫੇਅਰ ਸੁਖਵੰਤ ਸਿੰਘ ਗਿੱਲ ਹਾਜ਼ਰ ਸਨ।