*ਡੀਜੀਪੀ ਦਿਨਕਰ ਗੁਪਤਾ ਦੇ ਆਦੇਸ਼ਾਂ ਮਗਰੋਂ ਪੰਜਾਬ ਪੁਲਿਸ ਦੀ ਸਖਤੀ, 6,531 ਚਲਾਨ, 629 ਗ੍ਰਿਫਤਾਰ*

0
156

ਚੰਡੀਗੜ੍ਹ 06 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਨਾਲ ਜੰਗ ਲਈ ਡੀਜੀਪੀ ਦਿਨਕਰ ਗੁਪਤਾ ਦੇ ਆਦੇਸ਼ਾਂ ਮਗਰੋਂ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿੱਚ ਸੂਬੇ ਭਰ ਵਿੱਚ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ 6,531 ਚਲਾਨ ਕੱਟੇ ਹਨ ਤੇ 629 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ 560 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ ਜ਼ਿਆਦਾ ਹੋਟਲ, ਮੈਰਿਜ ਪੈਲੇਸ, ਰੈਸਤਰਾਂ ਤੇ ਦੁਕਾਨਾਂ ਆਦਿ ਦੇ ਮਾਲਕਾਂ ਖ਼ਿਲਾਫ਼ ਹਨ।

ਪੰਜਾਬ ਸਰਕਾਰ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਯਕੀਨੀ ਬਣਾਉਣ ਕਿ 80 ਤੋਂ 90% ਲੋਕ ਘਰ ਦੇ ਅੰਦਰ ਹੀ ਰਹਿਣ। ਲੋਕ ਉਦੋਂ ਹੀ ਘਰ ਤੋਂ ਬਾਹਰ ਨਿਕਲਣ, ਜਦੋਂ ਕੋਈ ਮੈਡੀਕਲ ਕਾਰਨ ਹੋਵੇ ਜਾਂ ਕੋਈ ਹੋਰ ਐਮਰਜੈਂਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦਾ ਹਵਾਲਾ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਇਹ ਹੁਕਮ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਜਾਰੀ ਕੀਤੇ ਹਨ।

ਡੀਜੀਪੀ ਨੇ ਦੱਸਿਆ ਕਿ ਪੁਲਿਸ ਵੱਲੋਂ 19 ਮਾਰਚ ਤੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਪੰਜਾਬ ਪੁਲੀਸ ਨੇ 6.9 ਲੱਖ ਤੋਂ ਵੱਧ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਆ ਤੇ ਲਗਪਗ ਇੱਕ ਲੱਖ ਲੋਕਾਂ ਨੂੰ ਮਾਸਕ ਨਾ ਪਹਿਨਣ ਲਈ ਜੁਰਮਾਨਾ ਕੀਤਾ।

ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਤਰਨ ਤਾਰਨ ਪੁਲੀਸ ਨੇ ਰੈਸਤਰਾਂ ਅਰੇਬੀਅਨ ਕਬਾਬ, ਮਾਸਟਰ ਬਰਗਰ ਅਤੇ ਪੈਟਰੋਲ ਪੰਪ ਮਾਲਕਾਂ ਖ਼ਿਲਾਫ਼ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤੇ ਹਨ। ਇਸੇ ਤਰ੍ਹਾਂ ਬਰਨਾਲਾ ਪੁਲਿਸ ਨੇ ਰਾਇਲ ਗ੍ਰੀਨ ਰਿਜ਼ੌਰਟਜ਼ ਦੇ ਮਾਲਕ ਵਿਰੁੱਧ, ਹੁਸ਼ਿਆਰਪੁਰ ਪੁਲਿਸ ਨੇ ਰਾਤ ਦੇ ਕਰਫਿਊ ਦੇ ਸਮੇਂ ਦੌਰਾਨ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਸ਼ਰਾਬ ਪੀਂਦੇ ਤਿੰਨ ਵਿਅਕਤੀਆਂ ਵਿਰੁੱਧ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਰਮਾਡਾ ਹੋਟਲ, ਗੁਲਸ਼ਨ ਪੈਲੇਸ, ਤਾਜ ਰੈਸਤਰਾਂ ਤੇ ਯੰਮੀ ਫਾਸਟ ਫੂਡ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।

ਡੀਜੀਪੀ ਨੇ ਲੋਕਾਂ ਨੂੰ ਦੇਸ਼ ਦੇ 15 ਹੋਰ ਰਾਜਾਂ ਵਿੱਚ ਆਇਦ ਪਾਬੰਦੀਆਂ ਵਾਂਗ ਹੀ ਸੂਬੇ ਵੱਲੋਂ ਤੈਅ ਪਾਬੰਦੀਆਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਗ੍ਰਿਫਤਾਰੀਆਂ ਤੇ ਵਾਹਨਾਂ ਨੂੰ ਜ਼ਬਤ ਕਰਨ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।

LEAVE A REPLY

Please enter your comment!
Please enter your name here