ਨਵੀਂ ਦਿੱਲੀ 20,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਡੀਜ਼ਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਥੋਕ ਖਪਤਕਾਰਾਂ ਲਈ ਡੀਜ਼ਲ 25 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਸੂਤਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਰੀਬ 40 ਫੀਸਦੀ ਵਾਧੇ ਤੋਂ ਬਾਅਦ ਥੋਕ ‘ਚ ਡੀਜ਼ਲ ਖਰੀਦਣ ਵਾਲੇ ਖਪਤਕਾਰਾਂ ਲਈ ਡੀਜ਼ਲ ਦੀ ਕੀਮਤ ‘ਚ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ ਪਰ ਪੈਟਰੋਲ ਪੰਪਾਂ ‘ਤੇ ਪ੍ਰਚੂਨ ਖਰੀਦਦਾਰਾਂ ਲਈ ਇਸ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਯਾਨੀ ਇਸ ਵਾਧੇ ਦਾ ਵਿਅਕਤੀਗਤ ਡੀਜ਼ਲ ਖਰੀਦਦਾਰ ‘ਤੇ ਕੋਈ ਅਸਰ ਨਹੀਂ ਪਵੇਗਾ।
ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਵਿੱਚ ਵਾਧਾ ਹੋਇਆ
ਮੁੰਬਈ ਵਿੱਚ ਥੋਕ ਖਪਤਕਾਰਾਂ ਨੂੰ ਵੇਚੇ ਜਾਣ ਵਾਲੇ ਡੀਜ਼ਲ ਦੀ ਕੀਮਤ 122.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਪੈਟਰੋਲ ਪੰਪਾਂ ‘ਤੇ ਵਿਕਦਾ ਡੀਜ਼ਲ 94.14 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਦਿੱਲੀ ਦੇ ਪੈਟਰੋਲ ਪੰਪਾਂ ‘ਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ, ਪਰ ਥੋਕ ਜਾਂ ਉਦਯੋਗਿਕ ਖਰੀਦਦਾਰਾਂ ਲਈ ਇਸ ਦੀ ਕੀਮਤ 115 ਰੁਪਏ ਦੇ ਕਰੀਬ ਆ ਗਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਆਲਮੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ 4 ਨਵੰਬਰ 2021 ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਹੈ।
ਡੀਜ਼ਲ ਦੇ ਥੋਕ ਖਰੀਦਦਾਰਾਂ ਵਿੱਚ ਸਰਕਾਰੀ ਬੱਸ ਦੇ ਬੇੜੇ, ਫਲੀਟਾਂ, ਮਾਲ, ਹਵਾਈ ਅੱਡੇ, ਉਦਯੋਗ, ਆਦਿ ਸ਼ਾਮਲ ਹਨ, ਜੋ ਬਿਜਲੀ ਪੈਦਾ ਕਰਨ ਲਈ ਡੀਜ਼ਲ ਦੀ ਵਰਤੋਂ ਕਰਦੇ ਹਨ। ਇਨ੍ਹਾਂ ਲਈ ਡੀਜ਼ਲ ਦੀ ਕੀਮਤ ਵਧਾਈ ਗਈ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਨਿੱਜੀ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਪ੍ਰਾਈਵੇਟ ਕੰਪਨੀਆਂ ਨੂੰ ਭਾਰੀ ਨੁਕਸਾਨ
ਸਰਕਾਰੀ ਕੰਪਨੀਆਂ ਵੱਲੋਂ ਕੀਮਤਾਂ ਨਾ ਵਧਾਏ ਜਾਣ ਕਾਰਨ ਨਿੱਜੀ ਤੇਲ ਕੰਪਨੀਆਂ ਦਾ ਘਾਟਾ ਵਧ ਗਿਆ ਹੈ। ਨਾਇਰਾ ਐਨਰਜੀ, ਜੀਓ-ਬੀਪੀ ਅਤੇ ਸ਼ੈੱਲ ਵਰਗੀਆਂ ਕੰਪਨੀਆਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਵਿਕਰੀ ਵਧਣ ਦੇ ਬਾਵਜੂਦ ਇਨ੍ਹਾਂ ਕੰਪਨੀਆਂ ਨੇ ਅਜੇ ਤੱਕ ਵੋਲਯੂਮ ਘੱਟ ਨਹੀਂ ਕੀਤਾ ਹੈ। ਪਰ ਹੁਣ ਪੰਪ ਚਲਾਉਣਾ ਆਰਥਿਕ ਤੌਰ ‘ਤੇ ਸਮਰੱਥ ਨਹੀਂ ਰਹੇਗਾ। 2008 ਵਿੱਚ, ਰਿਲਾਇੰਸ ਇੰਡਸਟਰੀਜ਼ ਨੇ ਵਿਕਰੀ ‘ਜ਼ੀਰੋ’ ‘ਤੇ ਆਉਣ ਤੋਂ ਬਾਅਦ ਆਪਣੇ ਸਾਰੇ 1,432 ਪੈਟਰੋਲ ਪੰਪ ਬੰਦ ਕਰ ਦਿੱਤੇ ਸੀ। ਸੂਤਰਾਂ ਨੇ ਦੱਸਿਆ ਕਿ ਅੱਜ ਵੀ ਇਹੀ ਸਥਿਤੀ ਬਣੀ ਹੋਈ ਹੈ।