*ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਲੱਗਿਆ ਪੱਕਾ ਮੋਰਚਾ ਜਿੱਤ ਤੱਕ ਰਹੇਗਾ ਜਾਰੀ-ਗੁਰਦੀਪ ਰਾਮਪੁਰਾ*

0
6

 ਬੁਢਲਾਡਾ 27 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਅਗਵਾਈ ਹੇਠ ਬੁਢਲਾਡਾ ਦੇ ਡੀਐਸਪੀ ਦਫਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਹੁਣ ਤੱਕ ਚਾਰ ਵਾਰ ਸੈਂਕੜੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਰਿਹਾਇਸ਼ ਅਤੇ ਸ਼ਹਿਰ ਵਿੱਚ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਚੁੱਕੇ ਹਨ।

         ਕੱਲ੍ਹ ਗਣਤੰਤਰ ਦਿਵਸ ਮੌਕੇ ਕਾਲੇ ਝੰਡਿਆਂ ਨਾਲ ਵਿਖਾਵਾ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਮਾਨਸਾ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਾਮ ਤੱਕ ਥਾਣਿਆਂ ਵਿੱਚ ਡੱਕ ਕੇ ਰੱਖਿਆ। ਪੁਲਿਸ ਨੂੰ ਸੰਘਰਸ਼ ਦੇ ਦਬਾਅ ਸਦਕਾ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਲਈ ਮਜ਼ਬੂਰ ਕੀਤਾ। ਆਗੂਆਂ ਕਿਹਾ ਕਿ ਪੁਲਸ ਦਾ ਜਬਰ ਸੰਘਰਸ਼ ਕਰ ਰਹੇ ਕਾਫ਼ਲਿਆਂ ਨੂੰ ਡੁਲਾ ਨਹੀਂ ਸਕਦਾ।

          ਇਸ ਮੌਕੇ ਤੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਅਤੇ ਕਿਸਾਨਾਂ ਤੇ ਜਾਨਲੇਵਾ ਹਮਲੇ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਛੇ ਜਨਵਰੀ ਤੋਂ ਪੱਕਾ ਮੋਰਚਾ ਜਾਰੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਸ਼ਰਮੀ ਅਤੇ ਧੱਕੇਸ਼ਾਹੀ ਵਿੱਚ ਪਿਛਲੀਆਂ ਸਰਕਾਰਾਂ ਨੂੰ ਵੀ ਮਾਤ ਕਰ ਦਿੱਤਾ ਹੈ। ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ, ਧੁੰਦ ਅਤੇ ਠੰਡ ਦੇ ਮੌਸਮ ਵਿੱਚ ਕਿਸਾਨ ਕਾਫ਼ਲੇ ਦੂਰ ਦੁਰਾਡੇ ਜ਼ਿਲਿਆਂ ਤੋਂ ਚੱਲ ਕੇ ਪੱਕੇ ਮੋਰਚੇ ਵਿੱਚ ਆਉਂਦੇ ਹਨ ਅਤੇ ਰਾਤਾਂ ਕੱਟਦੇ ਹਨ। ਇਸ ਦੇ ਬਾਵਜੂਦ ਸਰਕਾਰ ਨੇ ਬੇਸ਼ਰਮੀ ਭਰੀ ਚੁੱਪ ਧਾਰੀ ਹੋਈ ਹੈ। 

       ਦੱਸਣਯੋਗ ਹੈ ਕਿ ਐਸ ਐਸ ਪੀ ਮਾਨਸਾ ਨੇ 19 ਦਸੰਬਰ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ ਪਰ ਲੱਗਭੱਗ ਇੱਕ ਮਹੀਨਾ ਹੋਰ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

        ਅੱਜ ਪੱਕੇ ਮੋਰਚੇ ਦੇ 22ਵੇਂ ਦਿਨ ਦੇ ਧਰਨੇ ਨੂੰ ਮਾਨਸਾ ਜਿਲੇ ਦੇ ਜਨਰਲ ਸਕੱਤਰ ਬਲਵਿੰਦਰ ਸ਼ਰਮਾਂ, ਦੇਵੀ ਰਾਮ ਰੰਘੜਿਆਲ ਤੋ ਇਲਾਵਾ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਰਾਜੂ, ਨੀਟੂ ਰਾਮਾ, ਮੰਦਰ ਭਾਗੀਕੇ, ਸੱਤਪਾਲ ਵਰ੍ਹੇ, ਤਰਨਜੀਤ ਮੰਦਰਾਂ, ਮਾਸਟਰ ਮੇਲਾ ਸਿੰਘ, ਜਗਜੀਵਨ ਹਸਨਪੁਰ, ਗੁਰਪ੍ਰੀਤ ਕੁਲਰੀਆਂ ਅਤੇ ਬਚਿੱਤਰ ਮੂਸਾ ਨੇ ਸੰਬੋਧਨ ਕਰਦਿਆਂ ਪੁਲਿਸ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੁਲਸ ਦਾ ਝੂਠੇ ਪਰਚੇ ਦਰਜ ਕਰਨ ਦਾ ਰੋਲ ਸਾਡੇ ਆਗੂਆਂ ਤੱਕ ਸੀਮਤ ਨਹੀਂ ਹੈ, ਸਗੋਂ ਪਰਮਿੰਦਰ ਝੋਟਾ, ਬਲਾਗਰ ਭਾਨਾ ਸਿੱਧੂ ਖਿਲਾਫ਼ ਨਜਾਇਜ਼ ਪਰਚੇ ਦਰਜ ਕਰਨਾ ਪੁਲਿਸ ਦਾ ਅਗਲਾ ਪੜਾਅ ਹੈ। ਪੁਲਿਸ ਅਤੇ ਪੰਜਾਬ ਸਰਕਾਰ ਦੇ ਇਸ ਘਿਨੌਣੇ ਵਰਤਾਰੇ ਦੀ ਨਿਖੇਧੀ ਕਰਦਿਆਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ।

LEAVE A REPLY

Please enter your comment!
Please enter your name here