
ਮਾਨਸਾ 09 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਕ ਸ਼ਹਿਰ ਦੇ ਡੀ.ਏ.ਵੀ ਸਕੂਲ ਵਿਖੇ ਤੀਜ ਦੇ ਸ਼ੁਭ ਮੌਕੇ ‘ਤੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਦੇ ਪਹਿਲੀ ਜਮਾਤ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪਹਿਰਾਵੇ ਵਿੱਚ ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਦੂਜੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ ਵੀ ਪੇਸ਼ ਕੀਤਾ ਗਿਆ। ਬੱਚਿਆਂ ਨੂੰ ਸਾਵਣ ਮਹੀਨੇ ਵਿਚ ਹਰਿਆਲੀ ਤੀਜ ਦੀ ਮਹੱਤਤਾ ਬਾਰੇ ਦੱਸਦਿਆਂ ਦੱਸਿਆ ਕਿ ਜੇਠ ਮਹੀਨੇ ਦੀ ਤਪਸ਼ ਕਾਰਨ ਸਭ ਕੁਝ ਸੁੱਕ ਜਾਂਦਾ ਹੈ, ਉਥੇ ਹੀ ਸਾਵਣ ਦੇ ਮਹੀਨੇ ਭਗਵਾਨ ਇੰਦਰ ਦੀ ਕਿਰਪਾ ਨਾਲ ਧਰਤੀ ਦੀ ਹਰ ਚੀਜ਼ ਦੁਬਾਰਾ ਹਰੀ ਭਰੀ ਹੋ ਜਾਂਦੀ ਹੈ । ਸਾਵਣ ਦੀ ਠੰਡੀ ਵਰਖਾ ਨਾਲ ਨਵੀਆਂ ਫਸਲਾਂ ਦੀ ਬਿਜਾਈ ਦੀ ਸ਼ੁਰੂਆਤ ਵੀ ਹੁੰਦੀ ਹੈ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਸੱਭਿਆਚਾਰਕ ਪਹਿਰਾਵੇ ਵਿੱਚ ਛੋਟੇ ਵਿਦਿਆਰਥੀਆਂ ਦੀਆਂ ਰੰਗਾਰੰਗ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੇ ਆਯੋਜਨ ਦਾ ਕਾਰਨ ਵਿਦਿਆਰਥੀਆਂ ਨੂੰ ਭਾਰਤ ਦੇ ਰਵਾਇਤੀ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕਦਰਾਂ-ਕੀਮਤਾਂ ਨੂੰ ਪੈਦਾ ਕਰ ਸਕੀਏ।
