ਸ੍ਰੀ ਮੁਕਤਸਰ ਸਾਹਿਬ 08,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ” ਇੱਥੇ ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ। ਅੱਜ ਕਿਸਾਨਾਂ ਨੇ ਦੋ ਟਰਾਲੀਆਂ ਡੀਏਪੀ ਦੀਆਂ ਫੜੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਇਹ ਡੀਏਪੀ ਸਟੋਰ ਕਰਕੇ ਰੱਖੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਨਾ ਮਿਲ ਸਕੇ।
ਕਿਸਾਨਾਂ ਨੇ ਇਲਜ਼ਾਮ ਲਾਇਆ ਹੈ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਡੀਏਪੀ ਦੀ ਕਮੀ ਪੈਦਾ ਕੀਤੀ ਜਾ ਰਹੀ ਹੈ। ਜੇਕਰ ਕਿਸਾਨਾਂ ਨੂੰ ਸਮੇਂ-ਸਿਰ ਡੀਏਪੀ ਨਾ ਮਿਲੀ ਤਾਂ ਫਸਲ ਦਾ ਨੁਕਸਾਨ ਹੋ ਜਾਏਗਾ। ਕਾਲਾ ਬਾਜ਼ਾਰੀ ਕਰਨ ਲਈ ਇਸ ਡੀਏਪੀ ਨੂੰ ਸਟੋਰ ਕਰਕੇ ਰੱਖਿਆ ਜਾ ਰਿਹਾ ਹੈ।
ਕਿਸਾਨ ਬਲਕਰਨ ਸਿੰਘ ਨੇ ਦੱਸਿਆ ਕਿ ਅਸੀਂ ਡੀਏਪੀ ਲੈਣ ਲਈ ਸਵੇਰੇ 4 ਵਜੇ ਤੋਂ ਮੰਡੀ ਵਿੱਚ ਖੜ੍ਹੇ ਹਾਂ। ਕਿਸਾਨਾਂ ਦੇ ਦਾਣੇ ਮੰਡੀਆਂ ਵਿੱਚ ਰੁਲ ਰਹੇ ਹਨ। ਸਾਡੇ ਖੇਤ ਖਾਲੀ ਪਏ ਹਨ। ਕਿਸਾਨ ਇੱਥੇ ਡੀਏਪੀ ਲੈਣ ਲਈ ਰੁਲ ਰਿਹਾ ਹੈ। ਡੀਏਪੀ ਲੈਣ ਲਈ ਲਾਈਨਾਂ ਵਿੱਚ ਲੱਗ ਕੇ ਕਿਸਾਨ ਖੜ੍ਹੇ ਹਨ। ਬਲੈਕ ਵਿੱਚ 1500 ਰੁਪਏ ਨੂੰ ਕੱਟਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਰਕਾਰ ਵੱਲੋਂ ਡੀਏਪੀ ਵੰਡਣ ਦੀ ਅਲਾਟਮੈਂਟ ਹੋਈ, ਉਹ ਕਿਸਾਨਾਂ ਨੂੰ ਡੀਏਪੀ ਨਹੀਂ ਦੇ ਰਹੇ। ਵਪਾਰੀਆਂ ਵੱਲੋਂ 1200 ਰੁਪਏ ਵਾਲੀ ਡੀਏਪੀ 1500 ਰੁਪਏ ਵਿੱਚ ਵੇਚੀ ਜਾ ਰਹੀ ਹੈ। ਇਹ ਆਪਣੇ ਗੋਦਾਮਾਂ ਵਿੱਚ ਸਟੋਰ ਕਰ ਰਹੇ ਹਨ। ਇਸ ਮੌਕੇ ਟਰੈਕਟਰ ਡਰਾਈਵਰ ਨੇ ਕਿਹਾ ਕਿ ਇਹ ਟਰਾਲੀ ਮੌੜ ਪਿੰਡ ਜਾ ਰਹੀ ਹੈ। ਸੁਸਾਇਟੀ ਦਾ ਗੇਟ ਪਾਸ ਹੈ ਤੇ ਉੱਥੇ ਜਾ ਰਹੀ ਹੈ। ਮੰਡੀ ਦੀ ਦੁਕਾਨ 16 ਨੰਬਰ ਆੜ੍ਹਤੀਆਂ ਦੀ ਇਹ ਡੀਏਪੀ ਹੈ।
ਉਧਰ, ਬਲਾਕ ਖੇਤੀਬਾੜੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਜੋ 2 ਟਰਾਲੀਆਂ ਕਿਸਾਨਾਂ ਨੇ ਫੜੀਆਂ ਹਨ, ਇਸ ਦੀ ਜਾਂਚ ਕਰਾਂਗੇ। ਅਸੀਂ ਡਰਾਈਵਰਾਂ ਤੋਂ ਬਿਲਟੀ ਚੈੱਕ ਕਰਾਂਗੇ। ਜੇਕਰ ਕੁਝ ਗਲਤ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਏਗੀ।