
ਅੰਬਾਲਾ 08,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੁਲਿਸ ਨੇ ਡੀਆਈਜੀ (ਵਿਜੀਲੈਂਸ) ਅਸ਼ੋਕ ਕੁਮਾਰ ਵਿਰੁੱਧ ਕੇਸ ਦਾਇਰ ਕੀਤਾ ਹੈ। ਇਹ ਕੇਸ ਐਤਵਾਰ ਰਾਤੀਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਡੀਆਈਜੀ ਉੱਤੇ ਜ਼ਖ਼ਮੀ ਕਰਨ, ਅਪਰਾਧਕ ਢੰਗ ਨਾਲ ਧਮਕਾਉਣ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਗਏ ਹਨ।
ਡੀਆਈਜੀ ਤੇ ਮੰਤਰੀ ਦੇ ਭਰਾ ਵਿਚਾਲੇ ਜਨਮ ਦਿਨ ਪਾਰਟੀ ਦੌਰਾਨ ਕੁਝ ਝਗੜਾ ਹੋ ਗਿਆ ਸੀ। ਕਪਿਲ ਵਿਜ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਡੀਆਈਜੀ ਅਸ਼ੋਕ ਕੁਮਾਰ ਨੇ ਬਿਨਾ ਕਿਸੇ ਕਾਰਨ ਕਥਿਤ ਤੌਰ ਉੱਤੇ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਵੀ ਦਿੱਤੀ।
ਇਹ ਮਾਮਲਾ ਰਾਤੀਂ 2:30 ਵਜੇ ਦਾ ਹੈ। ਕਪਿਲ ਵਿਜ ਸ਼ਾਸਤਰੀ ਕਾਲੋਨੀ ਦੇ ਨਿਵਾਸੀ ਰਾਜੇਸ਼ ਨਾਲ ਜਨਮ ਦਿਨ ਦੀ ਪਾਰਟੀ ਲਈ ਸਰਹਿੰਦ ਕਲੱਬ ਗਏ ਸਨ। ਵਿਜ ਨੇ ਦੋਸ਼ ਲਾਇਆ ਕਿ ਡੀਆਈਜੀ ਵਿਜੀਲੈਂਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਪੁਲਿਸ ’ਚ ਵੱਡੇ ਅਹੁਦੇ ’ਤੇ ਹੈ ਤੇ ਕੋਈ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ।
ਡੀਐਸਪੀ ਅੰਬਾਲਾ ਛਾਉਣੀ ਰਾਮ ਕੁਮਾਰ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਘਟਨਾ ਦੀ ਵਿਡੀਓ ਫ਼ੁਟੇਜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਝ ਤਹਿਕੀਕਾਤ ਜਾਰੀ ਹੈ।
