ਚੰਡੀਗੜ, 16 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਡਿਜ਼ੀਟਲ ਡਰਾਈਵਿੰਗ ਲਾਇਸੰਸ ਅੱਪਗ੍ਰੇਡ ਕਰਨ ਦੀ ਆਖਰੀ ਮਿਤੀ 15 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਪੁਰਾਣੇ ਤਰੀਕੇ ਨਾਲ ਬਣੇ (ਮੈਨੂਅਲ) ਡਰਾਈਵਿੰਗ ਲਾਇਸੰਸਾਂ ਨੂੰ ਡਿਜ਼ੀਟਲ ਡਰਾਈਵਿੰਗ ਲਾਇਸੰਸ ਵਿਚ ਅੱਪਗ੍ਰੇਡ ਕਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਨਵੰਬਰ 2020 ਵਿਚ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਰਾਹੀਂ ਮੈਨੂਅਲ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ ਆਪਣਾ ਡਰਾਈਵਿੰਗ ਲਾਇਸੰਸ www.punjabtransport.org ਜਾਂ www.sarathi.parivahan.gov.in ਵੈੱਬਸਾਈਟ ’ਤੇ ਆਨਲਾਈਨ ਅਰਜੀ ਜਮਾ ਕਰਵਾ ਕੇ ਸਾਰਥੀ ਐਪਲੀਕੇਸ਼ਨ ਜ਼ਰੀਏ ਅਪਗ੍ਰੇਡ ਕਰਨ ਦੀ ਆਗਿਆ ਦਿੱਤੀ ਗਈ ਸੀ। ਪ੍ਰਵਾਨਗੀ ਮਿਲਣ ਤੋਂ ਬਾਅਦ ਬਿਨੈਕਾਰ ਐਮਪਰਿਵਾਹਨ ਮੋਬਾਈਲ ਐਪਲੀਕੇਸ਼ਨ ਜਾਂ ਡਿਜ਼ੀਲਾਕਰ ਜ਼ਰੀਏ ਆਪਣਾ ਡਿਜ਼ੀਟਲ ਡਰਾਇਵਿੰਗ ਲਾਇਸੰਸ ਹਾਸਲ ਕਰ ਸਕਦਾ ਹੈ। ਟਰਾਂਸਪੋਰਟ ਮੰਤਰੀ ਨੇ ਅੱਗੇ ਦੱਸਿਆ ਕਿ ਸਾਰਥੀ ਵੈੱਬ ਐਪਲੀਕੇਸ਼ਨ ’ਤੇ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ 25,000 ਤੋਂ ਵੱਧ ਬਿਨੈਕਾਰਾਂ ਨੇ ਆਪਣੇ ਡਰਾਈਵਿੰਗ ਲਾਇਸੰਸ ਅੱਪਗ੍ਰੇਡ ਕਰਨ ਲਈ ਅਪਲਾਈ ਕੀਤਾ ਹੈ। ਉਨਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਹੁਣ ਇਸ ਸੇਵਾ ਦਾ ਲਾਭ ਲੈਣ ਦੀ ਆਖਰੀ ਮਿਤੀ 15 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਹ ਮੁਹਿੰਮ ਜਾਅਲੀ ਡਰਾਈਵਿੰਗ ਲਾਇਸੰਸਾਂ ਨੂੰ ਖ਼ਤਮ ਕਰਨ ਅਤੇ ਸੁਰੱਖਿਅਤ ਡਰਾਈਵਿੰਗ ਤੇ ਸੜਕ ਸੁਰੱਖਿਆ ਸਬੰਧੀ ਟਰੈਫਿਕ ਨਿਯਮਾਂ ਨੂੰ ਲਾਗੂ ਕਰਨ ਵਿਚ ਸਹਾਈ ਹੋਵੇਗੀ। ਜ਼ਿਕਰਯੋਗ ਹੈ ਕਿ ਜਨਤਕ ਮੈਨੂਅਲ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ ‘ਸਾਰਥੀ ਵੈੱਬ ਐਪਲੀਕੇਸ਼ਨ’ ‘ਤੇ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਹਾਸਲ ਨਹੀਂ ਹੁੰਦੀਆਂ ਹਨ ਅਤੇ ਅਜਿਹੇ ਲਾਇਸੰਸਾਂ ਨੂੰ ਤਸਦੀਕ ਕਰਨ ਸਮੇਂ ਵੀ ਮੁਸ਼ਕਿਲ ਆਉਂਦੀ ਸੀ। ਵਾਹਨ ਅਤੇ ਸਾਰਥੀ ਐਪਲੀਕੇਸ਼ਨਾਂ ਦੇ ਲਾਗੂ ਹੋਣ ਤੋਂ ਪਹਿਲਾਂ ਡਰਾਈਵਿੰਗ ਲਾਇਸੰਸ ਪੁਰਾਣੇ ਤਰੀਕੇ ਨਾਲ ਦਸਤੀ ਰੂਪ ਵਿਚ ਕਾਪੀਆਂ ‘ਤੇ ਬਣੇ ਜਾਂ ਬਿਨਾਂ ਚਿੱਪ ਤੋਂ ਜਾਰੀ ਕੀਤੇ ਜਾਂਦੇ ਸਨ। ਇਸ ਤੋਂ ਪਹਿਲਾਂ ਲਾਇਸੰਸ ਪ੍ਰਾਪਤ ਕਰਨ ਲਈ ਸਬੰਧਤ ਰਜਿਸਟਰਿੰਗ ਅਥਾਰਟੀ ਦਫ਼ਤਰ ਜਾਣਾ ਪੈਂਦਾ ਸੀ ਅਤੇ ਬਿਨੈਕਾਰ ਨੂੰ ਬਿਨੈਪੱਤਰ ਅਤੇ ਦਸਤਾਵੇਜਾਂ ਨਾਲ ਕਈ ਵਾਰ ਦਫ਼ਤਰਾਂ ਵਿਚ ਗੇੜੇ ਮਾਰਨੇ ਪੈਂਦੇ ਸਨ। ਇਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ ਅਤੇ ਕਈ ਵਾਰੀ ਉਨਾਂ ਦਾ ਵਿੱਤੀ ਸ਼ੋਸ਼ਣ ਵੀ ਹੁੰਦਾ ਸੀ। ਪਰ ਹੁਣ ਸਾਰਥੀ ਵੈੱਬ ਐਪਲੀਕੇਸਨ ਵਿਚ ਨਵੀਂ ਵਿਵਸਥਾ ਦੀ ਸ਼ੁਰੂਆਤ ਨਾਲ ਬਿਨੈਕਾਰ ਘਰ ਤੋਂ ਹੀ ਅਪਲਾਈ ਕਰ ਸਕਦਾ ਹੈ।