
ਚੰਡੀਗੜ੍ਹ, 24 ਜੁਲਾਈ: (ਸਾਰਾ ਯਹਾਂ/ਹਿਤੇਸ਼ ਸ਼ਰਮਾ):
ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੀ ਇਕ ਦਿਨ ਦੀ ਤਨਖਾਹ ‘ਮੁੱਖ ਮੰਤਰੀ ਰਾਹਤ ਫੰਡ’ ਲਈ ਦਿੱਤੀ ਹੈ। ਐਸੋਸੀਏਸ਼ਨ ਦੇ ਲਗਭਗ 600 ਮੈਂਬਰ ਹਨ ਅਤੇ ਇਨ੍ਹਾਂ ਵੱਲੋਂ ਇਕ ਦਿਨ ਦੀ ਕਰੀਬ 15 ਲੱਖ ਰੁਪਏ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ ਗਈ ਹੈ।
ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਜੁਲਾਈ ਮਹੀਨੇ ਦੀ ਇਕ ਦਿਨ ਦੀ ਤਨਖਾਹ ਕੱਟਣ ਸਬੰਧੀ ਪੱਤਰ ਮੁੱਖ ਮੰਤਰੀ ਨੂੰ ਸੌਂਪਿਆ। ਇਸ ਐਸੋਸੀਏਸ਼ਨ ਵਿਚ ਜੂਨੀਅਰ ਇੰਜੀਨੀਅਰਜ਼, ਸਹਾਇਕ ਇੰਜੀਨੀਅਰ ਅਤੇ ਤਰੱਕੀ ਪ੍ਰਾਪਤ ਉਪਮੰਡਲ ਇੰਜੀਨੀਅਰਜ਼ ਸ਼ਾਮਲ ਹਨ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੋਂ ਇਲਾਵਾ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਜਨਰਲ ਸਕੱਤਰ ਅਰਵਿੰਦ ਸੈਣੀ, ਵਿੱਤ ਸਕੱਤਰ ਕਮਰਜੀਤ ਸਿੰਘ ਮਾਨ, ਚੇਅਰਮੈਨ ਸੁਖਮਿੰਦਰ ਸਿੰਘ ਅਤੇ ਦੀਪਾਂਸ਼ ਗੁਪਤਾ ਹਾਜ਼ਰ ਸਨ।
