
ਸ੍ਰੀ ਮੁਕਤਸਰ ਸਾਹਿਬ 26,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਜਾਰੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦਾ ਜਬਰਦਸਤ ਵਿਰੋਧ ਹੋਇਆ। ਇਸ ਦੌਰਾਨ ਰੰਧਾਵਾ ਪ੍ਰਦਰਸ਼ਨਕਾਰੀਆਂ ‘ਤੇ ਭੜਕ ਗਏ। ਸੁਖਜਿੰਦਰ ਰੰਧਾਵਾ ਨੇ ਡੀਸੀ ਮੁਕਸਤਰ ਨੂੰ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਸਸਪੈਂਡ ਕਰੋ।
ਅੱਜ ਮੁਕਤਸਰ ਸਾਹਿਬ ਵਿਖੇ ਸੁਖਜਿੰਦਰ ਰੰਧਾਵਾ ਪਹੁੰਚੇ ਸੀ। ਉਨ੍ਹਾਂ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਵੀ ਸੀ। ਜਿਵੇਂ ਹੀ ਰੰਧਾਵਾ ਦਾ ਕਾਫਲਾ ਡੀਸੀ ਦਫਤਰ ਮੁਕਤਸਰ ਵਿਖੇ ਪਹੁੰਚਿਆ ਤਾਂ ਐਨਐਚਐਮ ਮਲਟੀਪਰਪਸ ਵਰਕਰ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਰਮਚਾਰੀ ਕਾਲੇ ਝੰਡੇ ਲੈ ਕੇ ਪਹੁੰਚ ਗਏ ਤੇ ਵਿਰੋਧ ਕੀਤਾ।
ਪ੍ਰਦਰਸ਼ਨਕਾਰੀਆਂ ਦਾ ਵਿਰੋਧ ਦੇਖਦੇ ਹੋਏ ਸੁਖਜਿੰਦਰ ਰੰਧਾਵਾ ਆਪਣੀ ਗੱਡੀ ਤੋਂ ਉੱਤਰੇ ਤੇ ਪ੍ਰਦਰਸ਼ਨਕਾਰੀਆ ਤੇ ਲਾਲ ਪੀਲੇ ਹੋ ਗਏ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਪ੍ਰਦਰਸ਼ਨ ਕਰ ਰਹੇ ਕੱਚੇ ਕਰਮਚਾਰੀਆਂ ‘ਤੇ ਭੜਕ ਗਏ।
ਉਧਰ, ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਤੋਂ ਬਾਅਦ ਕੱਚੇ ਮੁਲਾਜ਼ਮ ਸੰਤੁਸ਼ਟ ਨਜ਼ਰ ਨਹੀਂ ਆਏ। ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇੱਥੇ ਬੁਲਾ ਕੇ ਫੇਰ ਲਾਰਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਦੋ ਦਿਨ ਦਾ ਸਮਾਂ ਫ਼ੇਰ ਮੰਗਿਆ ਗਿਆ ਹੈ, ਪਰ ਨਾਲ ਹੀ ਇੱਕ ਤਰੀਕੇ ਨਾਲ ਧਮਕੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਆਪਣਾ ਵਿਰੋਧ ਪ੍ਰਦਰਸ਼ਨ ਬੰਦ ਨਾ ਕੀਤਾ ਤਾਂ ਤੁਹਾਡੀ ਕੋਈ ਵੀ ਮੰਗ ਨਹੀਂ ਮੰਨੀ ਜਾਵੇਗੀ।
