ਬਰਨਾਲਾ 19 ਅਪ੍ਰੈਲ( ਸਾਰਾ ਯਹਾਂ /ਮੁੱਖ ਸੰਪਾਦਕ) ਬਰਨਾਲਾ ਜ਼ਿਲ੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਕਪਿਲ ਵਸੁੰਧਰਾ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਦਾਖਲਾ ਮੁਹਿੰਮ ਨੂੰ ਭਖਾ ਦਿੱਤਾ ਹੈ,ਉਨ੍ਹਾਂ ਵੱਲ੍ਹੋਂ ਖੁਦ ਪਿੰਡ ਪਿੰਡ ਕੀਤੇ ਜਾ ਰਹੇ ਪ੍ਰਚਾਰ ਨੇ ਮਾਪਿਆਂ ਦਾ ਭਰੋਸਾ ਜਿੱਤਿਆ ਹੈ,ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਉਣ ਲੱਗੀ ਹੈ,ਮਾਪਿਆਂ ਵੱਲ੍ਹੋਂ ਵੱਖ ਵੱਖ ਮੁਹਿੰਮਾਂ ਤਹਿਤ ਮੌਕੇ ਤੇ ਬੱਚੇ ਦਾਖਲ ਕਰਵਾਏ ਜਾ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਬਲਾਕ ਬਰਨਾਲਾ ਦੀ ਟੀਮ ਦੁਆਰਾ ਪਿੰਡਾਂ ਵਿੱਚ ਵੈਨ ਚਲਾਈ ਗਈ। ਇਸ ਦੌਰੇ ਦੌਰਾਨ ਉਹਨਾਂ ਟੀਮ ਅਤੇ ਵੈਨ ਨੇ 40 ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ। ਲੋਕਾਂ ਤੱਕ ਦਾਖਲੇ ਦਾ ਸੰਦੇਸ਼ ਭੇਜਣ ਲਈ ਅਲੱਗ ਅਲੱਗ ਸਕੂਲਾਂ ਦੁਆਰਾ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਚੱਲ ਰਹੀਆਂ ਗਤੀਵਿਧੀਆਂ, ਮਿਲਣ ਵਾਲੀਆਂ ਸਹੂਲਤਾਂ ਅਤੇ ਜਮਾਨੇ ਦੇ ਹਿਸਾਬ ਨਾਲ ਪੜ੍ਹਾਈ ਦੇ ਸੁਧਾਰ ਦੀ ਗੱਲ ਮੁੱਖ ਰੱਖੀ ਗਈ। ਟੀਮ ਦੁਆਰਾ ਜਾਣਕਾਰੀ ਉਪਰੰਤ ਕਿਹਾ ਗਿਆ ਅਸੀਂ ਚਾਹੁੰਦੇ ਹਾਂ ਕਿ ਲੋਕ ਮਹਿੰਗੇ ਸਕੂਲਾਂ ਵਿੱਚ ਜਾਣ ਵੀ ਵਜਾਏ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਤਾਂ ਕਿ ਦੇਸ਼ ਦੇ ਇੱਕ ਵਧੀਆ ਨਾਗਰਿਕ ਬਣ ਸਕਣ ਜਿਸ ਨਾਲ ਮਹਿੰਗਾਈ ਦੇ ਚਲਦਿਆਂ ਫਾਲਤੂ ਪੈਸੇ ਵੀ ਬਰਬਾਦ ਨਹੀਂ ਹੋਣਗੇ। ਸਹੂਲਤਾਂ ਦੇ ਪੱਖੋਂ ਅੱਜ ਸਰਕਾਰੀ ਸਕੂਲ ਪਿੱਛੇ ਨਹੀਂ ਹਨ ਜਿਸ ਵਿੱਚ ਅਸੀਂ ਮੁਫ਼ਤ ਕਿਤਾਬਾਂ, ਵਰਦੀਆਂ, ਕੋਈ ਦਾਖਲਾ ਫੀਸ ਨਹੀਂ, ਪੌਸ਼ਟਿਕ ਭੋਜਨ, ਸਿਹਤ ਨਿਰੀਖਣ, ਸਭਿਆਚਾਰਕ ਪ੍ਰੋਗਰਾਮ, ਸਟੇਟ ਪੱਧਰ ਦੇ ਖੇਡ ਮੁਕਾਬਲੇ, ਬੈਠਣ ਲਈ ਫਰਨੀਚਰ, ਈ-ਕੰਟੈਂਟ, ਝੂਲੇ, ਪੀਂਘਾਂ, ਨਵੋਦਿਆ ਦੀ ਵਿਸ਼ੇਸ਼ ਤਿਆਰੀ, ਪਹਿਲੀ ਕਲਾਸ ਤੋਂ ਅੰਗਰੇਜ਼ੀ, ਪਲੇਅ ਵੇ ਮੈਥਡ, ਆਧੁਨਿਕ ਕਲਾਸ ਰੂਮ, ਲਾਇਬਰੇਰੀ ਦਾ ਪ੍ਰੰਬੰਧ, ਖੁੱਲੀਆਂ ਡੁੱਲੀਆਂ ਹਵਾਦਾਰ ਇਮਾਰਤਾਂ, ਮੌਸਮ ਦੇ ਹਿਸਾਬ ਨਾਲ ਪਾਣੀ ਦਾ ਪ੍ਰੰਬੰਧ ਅਤੇ ਇਸਦੇ ਨਾਲ ਵਿਦਿਆਰਥੀਆਂ ਨੂੰ ਵਜੀਫੇ ਦੇ ਰੂਪ ਵਿੱਚ ਪੜਨ ਦੇ ਪੈਸੇ ਵੀ ਦਿੱਤੇ ਜਾਂਦੇ ਹਨ। ਬਰਨਾਲਾ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਰੂਮ ਜਿਸ ਵਿੱਚ ਬੱਚਿਆਂ ਨੂੰ 3ਡੀ ਨਾਲ ਆਕਰਸ਼ਣ ਕੀਤਾ ਜਾਂਦਾ ਹੈ ਅਤੇ ਪ੍ਰੋਜੈਕਟਰ ਸਿਸਟਮ ਦੀ ਸੁਵਿਧਾ ਵੀ ਬਣਾਈ ਗਈ ਹੈ। ਕਰੋਨੇ ਦੇ ਔਖੇ ਦੌਰ ਦੌਰਾਨ ਵੀ ਦਾਖਲਾ ਮੁਹਿੰਮ ਲਈ ਡਟੇ ਹੋਏ ਡਿਪਟੀ ਡੀ ਈ ਓ ਮੈਡਮ ਕਪਿਲ ਵਸੁੰਧਰਾ, ਬੀ ਪੀ ਈ ਓ ਬਰਨਾਲਾ ਸ. ਕਰਨੈਲ ਸਿੰਘ,ਮੈਡਮ ਰੁਪਿੰਦਰਜੀਤ ਕੌਰ , ਮੈਡਮ ਰਿੰਪੀ ਰਾਣੀ,ਸ ਮਨਜਿੰਦਰ ਸਿੰਘ,ਸ ਜਗਜੀਤ ਸਿੰਘ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਕੋਈ ਕਸਰ ਨਹੀਂ ਛੱਡਣਗੇ।ਇਥੇ ਜ਼ਿਕਰਯੋਗ ਹੈ ਕਿ ਅਧਿਆਪਕ ਆਨਲਾਈਨ ਸਿੱਖਿਆ ਦੇ ਨਾਲ ਨਾਲ ਦਾਖਲਾ ਮੁਹਿੰਮ ਲਈ ਵੀ ਡਟੇ ਹੋਏ ਨੇ। ਪੜ੍ਹੋ ਪੰਜਾਬ ਦੇ ਸਹਾਇਕ ਕੋਆਰਡੀਨੇਟਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੂਰੇ ਜ਼ਿਲ੍ਹੇ ਅੰਦਰ ਦਾਖਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।