*ਡਿਪਟੀ ਕਮਿਸ਼ਨਰ ਨੇ ਕਿਸਾਨ ਸਾਇੰਸਦਾਨ ਮਿਲਣੀ (ਆਤਮਾ) ਦੌਰਾਨ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ*

0
36

ਮਾਨਸਾ, 11 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਕਿਸਾਨ ਸਾਇੰਸਦਾਨ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿੱਥੇ ਪ੍ਰਤੀ ਬਲਾਕ 20 ਕਿਸਾਨਾਂ ਦੇ ਹਿਸਾਬ ਨਾਲ 05 ਬਲਾਕਾਂ ਦੇ ਕੁੱਲ 100 ਕਿਸਾਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਾ ਸਾੜਨ ਕਰਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਕਿਸਾਨ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਸਾੜਨ ਦੀ ਬਜਾਏ ਖੁਦ ਦੀ ਖਰੀਦੀ ਹੋਈ ਮਸ਼ੀਨਰੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਉਪਦਾਨ ’ਤੇ ਮਹੁੱਇਆ ਕਰਵਾਈ ਗਈ ਮਸ਼ੀਨਰੀ ਨਾਲ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਦੀਆਂ ਤੋਂ ਮਿੱਟੀ ਦਾ ਕਿਸਾਨਾਂ ਨਾਲ ਇੱਕ ਅਣਲਿਖਤ ਸਮਝੌਤਾ ਹੈ ਕਿ ਬੱਲੀਆਂ/ਮੁੰਜਰਾ ਅਤੇ ਦਾਣੇ ਕਿਸਾਨ ਆਪਣੇ ਘਰ ਲੈ ਜਾਵੇ ਅਤੇ ਬਾਕੀ ਬੱਚਦਾ ਪਰਾਲ ਮਿੱਟੀ ਵਿੱਚ ਵਾਪਸ ਰਲਾ ਦੇਵੇ ਤਾਂ ਜੋ ਮਿੱਟੀ ਦੀ ਸਿਹਤ ਬਰਕਰਾਰ ਰਹਿ ਸਕੇ। ਉਨ੍ਹਾਂ ਇਸ ਸਮਾਗਮ ’ਚ ਮੋਜੂਦ ਕਿਸਾਨਾਂ ਨੂੰ ਕਿਹਾ ਕਿ ਇਹ ਕਿਸਾਨ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਖੇਤੀਬਾੜੀ ਵਿਭਾਗ ਦੀਆਂ ਸ਼ਿਫਾਰਿਸ਼ਾਂ ਅਨੁਸਾਰ ਪਰਾਲੀ ਦਾ ਪ੍ਰਬੰਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਸਾਨ ਇੱਕ ਦੀਵੇ ਦੇ ਵਾਂਗ ਬਾਕੀ ਕਿਸਾਨਾਂ ਨੂੰ ਰੌਸ਼ਨੀ ਰਾਹੀਂ ਸਹੀ ਰਾਹ ਦਿਖਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਕੀ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਮਾਨਸਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਸਾੜਨ ਵਾਲੇ ਕੇਸਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।
ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ, ਸ੍ਰ. ਹਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇੰਨ੍ਹਾਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਲਗਾਏ ਜਾਂਦੇ ਕੈਪਾਂ ਵਿੱਚੋਂ ਜਾਣਕਾਰੀ ਇਕੱਤਰ ਕਰਕੇ ਇਸ ਨੂੰ ਵਿਗਿਆਨਿਕ ਢੰਗ ਨਾਲ ਆਪਣੇ ਖੇਤਾਂ ਵਿੱਚ ਪ੍ਰਯੋਗ ਕੀਤਾ ਅਤੇ ਪਰਾਲੀ ਦਾ ਪ੍ਰਬੰਧਨ ਬਿਨਾਂ ਅੱਗ ਲਗਾਏ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨਾਂ ਦੱਸਿਆ ਕਿ ਛੋਟੇ ਵਰਗ ਦੇ ਕਿਸਾਨਾਂ ਨੂੰ ਸਹਿਕਾਰੀ ਸਭਾ ਵੱਲੋਂ ਖੇਤੀ ਸੰਦ ਮੁਫ਼ਤ ਦਿੱਤੇ ਜਾਣਗੇ ਅਤੇ ਸਭਾ ਦਾ ਟਰੈਕਟਰ ਸਿਰਫ ਤੇਲ ਉੱਪਰ 05 ਏਕੜ ਤੋਂ ਘੱਟ ਕਿਸਾਨਾਂ ਲਈ ਕਿਰਾਏ ’ਤੇ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਹਰ ਸੰਭਵ ਮਦਦ ਦੇਣ ਲਈ ਵੱਚਨਬੱਧ ਹੈ।
ਇਸ ਮੌਕੇ ਕਿਸਾਨ ਦਰਬਾਰਾ ਸਿੰਘ ਪਿੰਡ ਮੂਲਾ ਸਿੰਘ ਵਾਲਾ, ਰਾਜਵਿੰਦਰ ਸਿੰਘ ਭੁੱਲਰ ਪਿੰਡ ਹੀਰਕੇ, ਹਰਤੇਜ਼ ਸਿੰਘ ਪਿੰਡ ਆਲਪੁਰ ਮੰਦਰਾਂ ਨੇ ਬਿਨਾਂ ਅੱਗ ਲਗਾਏ ਪਰਾਲੀ ਪ੍ਰਬੰਧਨ ਦੇ ਤਜ਼ਰਬੇ ਬਾਕੀ ਕਿਸਾਨਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਗੌਰਵ ਗਹਿਲੌਤ, ਵਿਗਿਆਨੀ ਏਅਰ ਕੁਆਲਟੀ ਕੰਟਰੋਲ ਕਮਿਸ਼ਨ, ਦਿੱਲੀ, ਡਾ. ਗੁਰਦੀਪ ਸਿੰਘ, ਸਹਿਯੋਗੀ ਨਿਰਦੇਸ਼ਕ, ਕੇ.ਵੀ.ਕੇ ਅਤੇ ਅਲੋਕ ਗੁਪਤਾ ਖੇਤੀਬਾੜੀ ਇੰਜੀਨੀਅਰ, ਕੇ.ਵੀ.ਕੇ, ਚਮਨਦੀਪ ਸਿੰਘ ਡੀ.ਪੀ.ਡੀ (ਆਤਮਾ), ਖੇਤੀਬਾੜੀ ਵਿਭਾਗ ਦੇ  ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਉਪ ਨਿਰੀਖਕ ਅਤੇ ਹੋਰ ਕਰਮਚਾਰੀ ਮੌਜੂਦ ਸਨ।  

LEAVE A REPLY

Please enter your comment!
Please enter your name here