ਮਾਨਸਾ, 10 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਰਦ ਰੁੱਤ ਦੀਆਂ ਸਬਜ਼ੀਆ ਦੀ ਬੀਜ ਕਿੱਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਜਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ ਸ਼੍ਰੀ ਪਰਮੇਸ਼ਰ ਕੁਮਾਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਇਹ ਕਿੱਟ ਨੈਸ਼ਨਲ ਇੰਸਟੀਚਿਊਟ ਆਫ ਨਿਊਟਿ੍ਰਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਲਈ ਪ੍ਰਤੀ ਦਿਨ 300 ਗ੍ਰਾਮ ਤਾਜ਼ਾ ਸਬਜ਼ੀਆਂ, ਜਿਸ ’ਚ 120 ਗ੍ਰਾਮ ਹਰੇ ਪੱਤੇ ਵਾਲੀਆਂ ਸਬਜੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਸਬਜੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਨੂੰ ਮੁੱਖ ਰੱਖਕੇ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਾਸਤੇ ਵਿਭਾਗ ਨੂੰ 1000 ਬੀਜ ਕਿੱਟਾ ਪ੍ਰਾਪਤ ਹੋਈਆਂ ਹਨ। ਘਰੇਲੂ ਬਗੀਚੀ ਲਗਾ ਕੇ ਕਿਸਾਨ ਵੀਰ ਘਰ ਲਈ ਲੋੜੀਂਦੀ ਸਬਜ਼ੀ ਅਤੇ ਜ਼ਹਿਰ ਰਹਿਤ ਸਬਜੀਆਂ ਪੈਦਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਿੱਟ ਅੰਦਰ ਮੂਲੀ, ਗਾਜਰ, ਸਲਗਮ, ਮਟਰ, ਪਾਲਕ, ਮੈਥੀ, ਧਨੀਆਂ, ਬਰੋਕਲੀ, ਚੀਨੀ ਸਰੋਂ ਦੇ ਬੀਜ ਹਨ ਅਤੇ ਇਨ੍ਹਾਂ ਬੀਜਾਂ ਨੂੰ ਇਸ ਕਿੱਟ ਦੇ ਅੰਦਰ ਦੱਸੀ ਗਈ ਵਿਉਂਤਬੰਦੀ ਨਾਲ ਹੀ ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੇਰ ਲੇੜੀਦੇਂ ਖੁਰਾਕੀ ਤੱਤ ਮੌਜੂਦ ਹੋਣ, ਦਾ ਸੇਵਨ ਕਰਨਾ ਬਹੁਤ ਹੀ ਜਰੂਰੀ ਹੇ ਗਿਆ ਹੈ। ਉਨ੍ਹਾਂ ਦੱਸਿਆਂ ਕਿ ਕਿਸਾਨ ਵੀਰ ਇਹ ਬੀਜ ਕਿੱਟਾਂ ਦਫਤਰ ਸਹਾਇਕ ਡਾਇਰੈਕਟਰ ਬਾਗਬਾਨੀ, ਪੀ.ਡਲਬਯੂ.ਡੀ ਕੰਪਲੈਕਸ, ਤਿੰਨਕੋਨੀ ਮਾਨਸਾ, ਦਫਤਰ ਬਾਗਬਾਨੀ ਵਿਕਾਸ ਅਫਸਰ, ਸਰਦੂਲਗੜ੍ਹ ਨੇੜੇ ਦਾਣਾ ਮੰਡੀ ਅਤੇ ਦਫਤਰ ਬਾਗਬਾਨੀ ਵਿਕਾਸ ਅਫਸਰ, ਬੁਢਲਾਡਾ ਨੇੜੇ ਆਈ.ਟੀ.ਆਈ ਤੋ ਕਿਸੇ ਵੀ ਦਫਤਰੀ ਕੰਮਕਾਜ ਵਾਲੇ ਦਿਨ ਪ੍ਰਤੀ ਕਿੱਟ 90/- ਰੂਪੈ ਦੇ ਹਿਸਾਬ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਮਹਾਵੀਰ ਪ੍ਰਸ਼ਾਦ ਬਾਗਬਾਨੀ ਉੱਪ ਨਿਰੀਖਕ, ਸੰਦੀਪ ਸਿੰਘ, ਅਤੇ ਸ੍ਰੀ ਕਮਲਦੀਪ ਸਿੰਘ ਮੌਜੂਦ ਸਨ।