
ਮਾਨਸਾ, 05 ਅਕਤੂਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਦਾ ਉਤਸ਼ਾਹ ਵਧਾਉਣਾ ਸਾਡਾ ਫਰਜ਼ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਚੀਨ ਦੇ ਹਾਂਗਜ਼ੁ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿਚ ਰੋਇੰਗ ਮੁਕਾਬਲੇ ’ਚੋਂ ਕਾਂਸੀ ਦਾ ਤਮਗਾ ਜਿੱਤਣ ਵਾਲੇ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ, ਅਤੇ ਸਹਾਇਕ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਜੱਸਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਖਿਡਾਰੀ ਸਤਨਾਮ ਸਿੰਘ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਖਿਡਾਰੀ ਵੱਡੇ ਪੱਧਰ ’ਤੇ ਚੰਗਾ ਨਾਮਣਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਸਤਨਾਮ ਸਿੰਘ ਨੇ ਏਸ਼ੀਆਈ ਖੇਡਾਂ ਵਿਚ ਰੋਇੰਗ ਮੁਕਾਬਲਿਆਂ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ਪਾ ਕੇ ਆਪਣੇ ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਖਿਡਾਰੀ ਦੇ ਸੁਨਹਿਰੀ ਭਵਿੱਖ ਲਈ ਪਰਿਵਾਰਕ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ, ਮਨਪ੍ਰੀਤ ਸਿੰਘ, ਖਿਡਾਰੀ ਸਤਨਾਮ ਸਿੰਘ ਦੇ ਪਿਤਾ ਸ੍ਰ ਅਮਰੀਕ ਸਿੰਘ, ਮਾਤਾ ਸ੍ਰੀਮਤੀ ਹਰਜੀਤ ਕੌਰ, ਭਰਾ ਸ੍ਰੀ ਗੁਰਪਿਆਰ ਸਿੰਘ ਤੇ ਜਰਨੈਲ ਸਿੰਘ ਤੋਂ ਇਲਾਵਾ ਐਥਲੇਟਿਕ ਕੋਚ ਸ੍ਰੀ ਭੁਪਿੰਦਰ ਸਿੰਘ ਅਤੇ ਕੁਸ਼ਤੀ ਕੋਚ ਸ੍ਰੀ ਸ਼ਾਹਬਾਜ਼ ਸਿੰਘ ਮੌਜੂਦ ਸਨ।
