ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਨੋਜਵਾਨ ਏਕਤਾ ਕਲੱਬ ਭਾਈਦੇਸਾ ਨੇ ਪਿੰਡ ਦੇ ਵਿਕਾਸ ਅਤੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਵਿੱਚ ਪ੍ਰਸੰਸਾ ਯੋਗ ਕੰਮ ਕੀਤਾ ਹੈ ਜਿਸ ਲਈ ਉਹ ਵਾਧਾਈ ਦੇ ਪਾਤਰ ਹਨ ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਮਹਿੰਦਰਪਾਲ ਆਈ.ਏ.ਐਸ.ਡਿਪਟੀ ਕਮਿਸ਼ਨਰ ਮਾਨਸਾ ਨੇ ਭਾਈਦੇਸਾ ਕਲੱਬ ਨੂੰ ਸਾਲ 2021-2022 ਦਾ ਜਿਲ੍ਹਾ ਯੂਥ ਕਲੱਬ ਅਵਾਰਡ ਤਕਸੀਮ ਕਰਦਿਆਂ ਕੀਤਾ।ਉਹਨਾਂ ਕਿਹਾ ਯੂਥ ਕਲੱਬ ਵੱਲੋਂ ਪਰਾਲੀ ਨਾ ਸਾੜਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਕੋਰੋਨਾ ਸਮੇ ਵਿੱਚ ਵੀ ਜਿਲ੍ਹਾ ਪ੍ਰਸਾਸ਼ਨ ਦਾ ਭਰਪੂਰ ਸਹਿਯੋਗ ਦਿੱਤਾ ਜਿਸ ਕਾਰਨ ਪਹਿਲਾਂ ਵੀ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਲੱਬ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ।ਡਿਪਟੀ ਕਮਿਸ਼ਸ਼ਨਰ ਮਾਨਸਾ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਜਿਲ੍ਹੇ ਦੀਆਂ ਯੂਥ ਕਲੱਬਾਂ ਨੂੰ ਕਾਰਜਸ਼ੀਲ ਕਰਨ ਹਿੱਤ ਚੰਗੇ ਉਪਰਾਲੇ ਕਰ ਰਿਹਾ ਹੈ ਅਤੇ ਇਸ ਸਮੇਂ ਜਿਲ੍ਹੇ ਦੇ ਹਰ ਪਿੰਡ ਵਿੱਚ ਯੂਥ ਕਲੱਬ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ ਜਿਸ ਕਾਰਣ ਜਿਲ੍ਹੇ ਦੇ 245 ਪਿੰਡਾਂ ਵਿੱਚ 308 ਯੂਥ ਕਲੱਬਾਂ ਕੰਮ ਕਰ ਰਹੀਆਂ ਹਨ।ਉਹਨਾਂ ਨੋਜਵਾਨ ਏਕਤਾ ਕਲੱਬ ਭਾਈਦੇਸਾ ਨੁੰ ਅਪੀਲ ਕੀਤੀ ਕਿ ਉਹ ਜਿਲ੍ਹੇ ਦੇ ਹੋਰ ਪਿੰਡਾਂ ਨੂੰ ਵੀ ਗਤੀਸ਼ੀਲ ਕਰਨ ਹਿੱਤ ਆਪਣਾ ਯੋਗਦਾਨ ਪਾਉਣ।
ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਇਸ ਅਵਾਰਡ ਲਈ ਨੋਜਵਾਨ ਏਕਤਾ ਕਲੱਬ ਭਾਈਦੇਸਾ ਤੋਂ ਇਲਾਵਾ ਯੁਵਕ ਸੇਵਾਵਾਂ ਕਲੱਬ ਸਿਰਸੀਵਾਲਾ,ਭਾਈ ਬਹਿਲੋ ਸਬ ਤੋ ਪiੋਹਲੋ ਨੋਜਵਾਨ ਕਲੱਬ ਰੱਲਾ,ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮੱਲ ਸਿੰਘ ਵਾਲਾ, ਸ਼ਹੀਦ ਉਧਮ ਸਿੰਘ ਸਰਬ ਸਾਝਾ ਕਲੱਬ ਹੀਰਕੇ ਅਤੇ ਕੁਦਰਤ ਮਾਨਵ ਸੁਸਾਇਟੀ ਹਸਨਪੁਰ ਵੱਲੋਂ ਆਪਣਾ ਆਪਣਾ ਦਾਅਵਾ ਪੇਸ਼ ਕੀਤਾ ਗਿਆ ਸੀ ਪਰ ਜਿਲ੍ਹਾ ਪੱਧਰ ਦੀ ਚੋਣ ਕਮੇਟੀ ਵੱਲੋਂ ਨੋਜਵਾਨ ਏਕਤਾ ਕਲੱਬ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਉਸ ਦੀ ਚੋਣ ਕੀਤੀ ਗਈ।ਡਾ.ਘੰਡ ਨੇ ਦੱਸਿਆ ਕਿ ਨੋਜਵਾਨ ਏਕਤਾ ਕਲੱਬ ਨੂੰ ਜਿਲ੍ਹਾ ਯੂਥ ਕਲੱਬ ਅਵਾਰਡ ਲਈ ਪੰਚੀ ਹਜਾਰ ਰੁਪਏ ਦੀ ਨਗਦ ਰਾਸ਼ੀ ਤੋ ਇਲਾਵਾ ਪ੍ਰਸੰਸਾ ਪੱਤਰ ਅਤੇ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ।
ਡਾ.ਘੰਡ ਨੇ ਦੱਸਿਆ ਕਿ ਬੇਸ਼ਕ ਜਿਲ੍ਹਾ ਪੱਧਰ ਤੇ ਇੱਕ ਕਲੱਬ ਦੀ ਹੀ ਚੋਣ ਕੀਤੀ ਜਾਣੀ ਸੀ ਪਰ ਬਾਕੀ ਕਲੱਬਾਂ ਜਿੰਨਾਂ ਨੇ ਇਸ ਅਵਾਰਡ ਲਈ ਅਪਲਾਈ ਕੀਤਾ ਸੀ ਉਹਨਾਂ ਨੂੰ ਵੀ ਨਹਿਰੂ ਯੁਵਾਕੇਂਦਰ ਮਾਨਸਾ ਵੱਲੋ ਆਉਣ ਵਾਲੇ ਦਿੰਨਾਂ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਨੋਜਵਾਨ ਏਕਤਾ ਕਲੱਬ ਭਾਈਦੇਸਾ ਦੇ ਪ੍ਰਧਾਨ ਕੇਵਲ ਸਿੰਘ ਅਤੇ ਸਕੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਪਿੰਡ ਵਿੱਚ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਤੋਂ ਇਲਾਵਾ ਕਲੱਬ ਵੱਲੋਂ ਮੁੱਫਤ ਮੈਡੀਕਲ ਕੈਂਪ,ਖੁਨਦਾਨ ਕੈਂਪ,ਪਿੰਡ ਵਿੱਚ ਕਬੱਡੀ ਅਤੇ ਵਾਲੀਬਾਲ ਦਾ ਸਪੋਰਟਸ ਟੂਰਨਾਮੈਂਟ,ਸਭਿਆਚਾਰਕ ਮੇਲਾ,ਮੀਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਸੈਮੀਨਾਰ ਅਤੇ ਪਿੰਡ ਦੀਆਂ ਕੰਧਾ ਤੇ ਸਮਾਜਿਕ ਬੁਰਾਈਆਂ ਅਤੇ ਸਭਿਆਚਾਰ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਦੇ ਹੋਏ ਨਾਹਰੇ ਵੀ ਲਿਖੇ ਗਏ ਹਨ।ਲੜਕੀਆਂ ਨੂੰ ਸਵੈ ਰੋਜਗਾਰ ਦੀ ਟਰੇਨਿੰਗ ਦੇਣ ਲਈ ਪਿੰਡ ਵਿੱਚ ਸਿਲਾਈ ਸੈਟਰ ਵੀ ਖੋਲਿਆ ਗਿਆ ਜਿਸ ਵਿੱਚ 30 ਲੜਕੀਆਂ ਨੂੰ ਸਿਲਾਈ ਕਟਾਈ ਅਤੇ ਕਢਾਈ ਦੀ ਟਰੇਨਿੰਗ iੋਦੱਤੀ ਗਈ।ਕੇਵਲ ਸਿੰਘ ਨੇ ਦੱਸਿਆ ਕਿ ਕੋਰੋਨਾ ਸਮੇਂ ਵਿੱਚ ਵੀ ਕਲੱਬ ਵੱਲੋਂ ਲੋੜਵੰਦਾਂ ਦੀ ਮਦਦ ਲਈ ਖਾਣਾ ਤਿਆਰ ਕਰਕੇ ਵੰਡਿਆ ਗਿਆ ਅਤੇ ਹੁਣ ਵੀ ਕੋੋਰੋਨਾ ਟੀਕਾਕਰਣ ਸਮੇਂ ਵੀ ਲੋਕਾਂ ਨੂੰ ਟੀਕਾਕਾਰਣ ਲਈ ਮਦਦ ਕਰ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਕਲੱਬ ਵੱਲੋਂ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਸਬੰਧੀ ਸਾਰੇ ਪਿੰਡ ਦੀ ਫਿਰਨੀ ਤੇ ਬੂਟੇ ਲਗਾਏ ਗਏ ਅਤੇ ਉਹਨਾਂ ਦੀ ਨਿਰੰਤਰ ਦੇਖਭਾਲ ਕੀਤੀ ਜਾ ਰਹੀ ਹੈ।
ਇਸ ਮੋਕੇ ਹਾਜਰ ਨੋਜਵਾਨ ਏਕਤਾ ਕਲੱਬ ਭਾਈਦੇਸਾ ਦੇ ਸਰਗਰਮ ਅਤੇ ਸੀਨੀਅਰ ਮੈਬਰਜ ਮਨਜਿੰਦਰ ਸਿੰਘ,ਸਮਸ਼ੇਰ ਸਿੰਘ,ਸਰਬਜੀਤ ਸਿੰਘ ਸਰਬੀ,ਅਤੇ ਲਖਵਿੰਦਰ ਸਿੰਘ ਨੇ ਜਿਲ੍ਹਾ ਪ੍ਰਸਾਸ਼ਨ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਲੱਬ ਵੱਲੋਂ ਸਮਾਜਿਕ ਬੁਰਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਗਰਾਮ ਪੰਚਾਇੰਤ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।