
ਮਾਨਸਾ, 29 ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ ) : ਜ਼ਿਲਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਵੱਲੋ ਅੱਜ ਜ਼ਿਲੇ ਵਿੱਚ ਵੱਖ-ਵੱਖ ਕੋਵਿਡ ਟੀਕਾਕਰਨ ਕੈਂਪਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਉਥੇ ਮੌਜੂਦ ਲੋਕਾਂ ਨੂੰ ਟੀਕਾਕਰਨ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ ਪਰਿਵਾਰਾਂ ਸਮੇਤ ਹੋਰਨਾਂ ਨੂੰ ਵੀ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਪਿੰਡ ਕੋਟੜਾ ਵਿਖੇ ਕੈਪ ਦਾ ਜਾਇਜਾ ਲੈਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਯੋਗ ਬਾਲਗ ਵਿਅਕਤੀ ਆਪਣਾ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਦੀ ਕੋਵਿਡ ਟੀਕਾਕਰਨ ਦੀ ਦੂਸਰੀ ਖੁਰਾਕ ਬਕਾਇਆ ਹੈ ਉਹ ਵੀ ਜਲਦੀ ਆਪਣੀ ਖੁਰਾਕ ਲਗਵਾਉਣ। ਉਨਾਂ ਦੱਸਿਆ ਕਿ ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਉੱਪਰ ਬਜੁਰਗ ਅਤੇ ਸਹਿ ਬਿਮਾਰੀ ਵਾਲੇ ਵਿਅਕਤੀਆ ਨੂੰ ਬੂਸਟਰ ਡੋਜ਼ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਉਹ ਲਾਭਪਾਤਰੀ ਇਸ ਦਾ ਲਾਹਾ ਜ਼ਰੂਰ ਲੈਣ। ਉਨਾਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਲੱਗੇ ਸਟਾਫ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੀ ਤੀਜੀ ਬੂਸਟਰ ਡੋਜ਼ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਜ਼ਰੂਰ ਲਗਵਾਉਣ। ਉਨਾਂ ਜ਼ਿਲੇ ਦੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਵੀ ਟੀਕਾਕਰਨ ਕੈਂਪਾਂ ਦਾ ਰੋਜਾਨਾ ਨਿਰੀਖਣ ਕਰਨ ਦੀ ਹਦਾਇਤ ਕੀਤੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਧਿਕਾਰੀ ਖ਼ਿਆਲਾ ਕਲਾਂ ਸ਼੍ਰੀ ਹਰਦੀਪ ਸ਼ਰਮਾ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।
