
ਮਾਨਸਾ 02 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਜਿਲਾ ਵਾਸੀਆਂ ਨੂੰ ਹੋਰ ਵਧੇਰੇ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਨੇ ਅੱਜ ਸਿਵਲ ਹਸਪਤਾਲ ਮਾਨਸਾ ਦਾ ਅਚਨਚੇਤ ਦੌਰਾ ਕੀਤਾ। ਉਨਾਂ ਹਸਪਤਾਲ ਵਿਖੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਅਤੇ ਸਿਹਤ ਸੁਵਿਧਾਵਾਂ ਦਾ ਜਾਇਜਾ ਲਿਆ। ਉਨਾਂ ਡਾਕਟਰੀ ਸਟਾਫ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਮਰੀਜ਼ਾਂ ਨੂੰ ਹਸਪਤਾਲ ਕੋਲ ਉਪਲੱਬਧ ਦਵਾਈਆਂ ਦੀ ਸਪਲਾਈ ਪਹਿਲਾਂ ਦੇ ਆਧਾਰ ’ਤੇ ਦੇਣ ਲਈ ਕਿਹਾ। ਉਨਾਂ ਕਿਹਾ ਕਿ ਰਾਜ ਸਰਕਾਰ ਤੋ ਲੋੜਵੰਦ ਅਤੇ ਯੋਗ ਵਰਗ ਨੂੰ ਮਿਲਣ ਵਾਲੇ ਸਿਹਤ ਬੀਮਾ ਅਤੇ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਪਹਿਲਾਂ ਉਨਾਂ ਹਸਪਤਾਲ ਦੇ ਵਾਰਡਾਂ ਤੇ ਡਾਇਗਨੋਸਟਿਕ ਸੈਂਟਰ, ਅੱਖਾਂ ਦੇ ਵਿਭਾਗ ਦਾ ਵੀ ਨਿਰੀਖਣ ਕੀਤਾ ਅਤੇ ਹਸਪਤਾਲ ਇਲਾਜ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ।
ਉਨਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਜਲਦੀ ਤੋਂ ਜਲਦੀ ਡਾਇਗਨੋਸਟਿਕ ਸੈਂਟਰ ਚਾਲੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਸਪਤਾਲ ਵਿੱਚ ਲੋੜੀਂਦੀਆਂ ਸੁਵਿਧਾਵਾਂ, ਸਾਮਾਨ ਅਤੇ ਸਟਾਫ਼ ਦੀ ਘਾਟ ਲਈ ਸਿਹਤ ਮੰਤਰੀ ਪੰਜਾਬ ਵੱਲੋਂ ਢੁੱਕਵੇਂ ਕਦਮ ਪੁੱਟੇ ਜਾ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਉਪਕਾਰ ਸਿੰਘ, ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਡਾ. ਕੰਵਲਪ੍ਰੀਤ ਬਰਾੜ, ਜ਼ਿਲਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ, ਨਰਸਿੰਗ ਸਿਸਟਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
