ਮਾਨਸਾ, 13 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ ਨੂੰ ਵਧਾਉਣ, ਕੋਵਿਡ ’ਤੇ ਫਤਿਹ ਪਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਵੱਲੋਂ ਹਰ ਘਰ ਦਸਤਕ ਮੁਹਿੰਮ ਤਹਿਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਵੈਨ ਰਵਾਨਾ ਕਰਨ ਮੌਕੇ ਕਿਹਾ ਕਿ ਇਹ ਵੈਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਨਾਲ-ਨਾਲ ਵੈਕਸੀਨ ਵੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਹ ਵੈਨ ਲੋਕਾਂ ਤੱਕ ਪਹੁੰਚ ਕਰ ਕੇ ਵੈਕਸੀਨੇਸ਼ਨ ਕਰਵਾਉਣ ਲਈ ਲਾਹੇਵੰਦ ਸਾਬਿਤ ਹੋਵੇਗੀ, ਜਿਸ ਦਾ ਹਰੇਕ ਜ਼ਿਲ੍ਹਾ ਵਾਸੀ ਨੂੰ ਵੱਧ ਤੋਂ ਵੱਧ ਲਾਭ ਲੈ ਕੇ ਪਹਿਲੀ ਡੋਜ਼ ਲਗਵਾ ਚੁੱਕੇ ਵਿਅਕਤੀਆਂ ਨੂੰ ਦੂਜੀ ਡੋਜ਼ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ 12 ਦਸੰਬਰ ਤੋਂ 17 ਦਸੰਬਰ 2021 ਤੱਕ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਵੈਨ ਦੇ ਨਾਲ ਇੱਕ ਟੀਮ ਹੋਵੇਗੀ ਜੋ ਮੌਕੇ ’ਤੇ ਹੀ ਲਾਭਪਾਤਰੀਆਂ ਨੂੰ ਵੈਕਸੀਨੇਸ਼ਨ ਕਰੇਗੀ। ਉਨਾਂ ਕਿਹਾ ਕਿ ਮੁਕੰਮਲ ਟੀਕਾਕਰਨ ਭਾਵ ਦੋਵੇਂ ਖੂਰਾਕਾਂ ਲੈਣ ਨਾਲ ਹੀ ਆਉਣ ਵਾਲੇ ਓਮੀਕੋਰਨ ਵੈਰੀਅੰਟ ਦਾ ਟਾਕਰਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿਘ ਰਾਏ ਨੇ ਕਿਹਾ ਕਿ ਕੋਵਿਡ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਇਹ ਵੈਨ 13 ਦਸੰਬਰ ਨੂੰ ਮਾਨਸਾ, 14 ਦਸੰਬਰ ਖਿਆਲਾ ਕਲਾਂ ਅਤੇ ਭੀਖੀ, 15 ਦਸੰਬਰ ਬੁਢਲਾਡਾ ਅਤੇ ਬਰੇਟਾ, 16 ਦਸੰਬਰ ਸਰਦੂਲਗੜ੍ਹ ਅਤੇ 17 ਦਸੰਬਰ ਨੂੰ ਝੁਨੀਰ ਵਿਖੇ ਲੋਕਾਂ ਨੂੰ ਵੈਕਸੀਨੇਸ਼ਨ ਸਬੰਧੀ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਟੀਕਾਕਰਨ ਕਰਵਾਉਣ ਉਪਰੰਤ ਮਾਸਕ ਪਾਉਣ, ਆਪਸੀ ਦੂਰੀ ਬਣਾਈ ਰੱਖਣ, ਹੱਥਾਂ ਨੂੰ ਸਾਫ ਪਾਣੀ ਸਾਬਨ ਨਾਲ ਵਾਰ-ਵਾਰ ਧੋਣਾ, ਖੰਘ ਜਾਂ ਛਿਕਦੇ ਸਮੇਂ ਮੂੰਹ ਅਤੇ ਨੱਕ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ।