*ਡਿਪਟੀ ਕਮਿਸ਼ਨਰ ਮਾਨਸਾ ਨੇ ਅਬਜ਼ਰਵਰਾਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦਾ ਦਿੱਤਾ ਭਰੋਸਾ*

0
10

ਮਾਨਸਾ, 03 ਫਰਵਰੀ  (ਸਾਰਾ ਯਹਾਂ/ ਮੁੱਖ ਸੰਪਾਦਕ ) : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜ਼ਿਲਾ ਮਾਨਸਾ ਦੇ 3 ਵਿਧਾਨ ਸਭਾ ਚੋਣ ਹਲਕਿਆਂ ਲਈ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਅੱਜ ਸਥਾਨਕ ਬਚਤ ਭਵਨ ਵਿਖੇ ਚੋਣਾਂ ਦੀਆਂ ਤਿਆਰੀ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲਾ ਚੋਣ ਅਫ਼ਸਰ ਸ਼੍ਰੀ ਮਹਿੰਦਰਪਾਲ ਅਤੇ ਐਸ.ਐਸ.ਪੀ ਸ਼੍ਰੀ ਦੀਪਕ ਪਾਰਿਕ ਦੀ ਹਾਜ਼ਰੀ ਵਿੱਚ ਵਧੀਕ ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਤੋਂ ਇਲਾਵਾ ਸਮੂਹ ਰਿਟਰਨਿੰਗ ਅਧਿਕਾਰੀਆਂ ਅਤੇ ਚੋਣਾਂ ਸਬੰਧੀ ਕਾਰਜਾਂ ਲਈ ਤਾਇਨਾਤ ਵੱਖ-ਵੱਖ ਟੀਮਾਂ ਦੇ ਨੋਡਲ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਜਨਰਲ ਅਬਜ਼ਰਵਰ ਆਈ.ਏ.ਐਸ ਅਧਿਕਾਰੀ ਸ਼੍ਰੀ ਚੰਦਰੇਸ਼ ਕੁਮਾਰ ਨੇ ਜ਼ਿਲੇ ਵਿੱਚ ਚੋਣ ਪ੍ਰਬੰਧਨ ਯੋਜਨਾ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨਾਂ ਕਿਹਾ ਕਿ ਸਮੂਹ ਟੀਮਾਂ ਪੂਰੀ ਮੁਸਤੈਦੀ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨਾਂ ਜ਼ਿਲੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਅਤੇ ਹੁਣ ਤੱਕ ਇਸ ਸਬੰਧ ਵਿੱਚ ਵੱਖ ਵੱਖ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦਾ ਜਾਇਜ਼ਾ ਲਿਆ। ਜਨਰਲ ਅਬਜ਼ਰਵਰ ਵੱਲੋਂ ਚੋਣ ਸਮੱਗਰੀ ਪ੍ਰਬੰਧਨ, ਵੱਖ ਵੱਖ ਨੋਡਲ ਅਧਿਕਾਰੀਆਂ ਤੇ ਟੀਮਾਂ ਦੀ ਸਿਖਲਾਈ, ਐਮ.ਸੀ.ਐਮ.ਸੀ, ਵੈਬਕਾਸਟਿੰਗ, ਵੀਡੀਓ ਗ੍ਰਾਫੀ, ਐਫ.ਐਸ.ਟੀ, ਐਸ.ਐਸ.ਟੀ, ਸ਼ਿਕਾਇਤ ਨਿਵਾਰਨ ਸੈਲ ਤੇ ਸੀ-ਵਿਜਿਲ, ਐਕਸਾਈਜ਼, ਦਿਵਿਆਂਗ ਵੋਟਰਾਂ ਦੀਆਂ ਸੁਵਿਧਾਵਾਂ, ਵੱਖ-ਵੱਖ ਮੋਬਾਇਲ ਐਪਲੀਕੇਸ਼ਨਾਂ, ਸਟਰਾਂਗ ਰੂਮ ਆਦਿ ਦਾ ਜਾਇਜ਼ਾ ਲਿਆ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ। ਇਸ ਦੌਰਾਨ ਖਰਚਾ ਨਿਗਰਾਨ ਸ਼੍ਰੀ ਮੁਹੰਮਦ ਸਾਲੀਕ ਪਰਵੇਜ਼ (ਆਈ.ਆਰ.ਐਸ) ਨੇ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਟੀਮਾਂ ਨੂੰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਬੈਂਕਾਂ ਵਿੱਚ ਨਗਦੀ ਦੇ ਸ਼ੱਕੀ ਲੈਣ ਦੇਣ, ਚੋਣ ਸਮੱਗਰੀ ’ਤੇ ਕੀਤੇ ਜਾਣ ਵਾਲੇ ਖਰਚਿਆਂ, ਵਾਹਨਾਂ ਦੀ ਚੈਕਿੰਗ, ਡਿਜ਼ੀਟਲ ਪ੍ਰਣਾਲੀ ਨਾਲ ਨਗਦੀ ਦੇ ਲੈਣ ਦੇਣ ਆਦਿ ’ਤੇ ਵੀ ਨਜ਼ਰ ਰੱਖੀ ਜਾਵੇ।  ਇਸ ਮੌਕੇ ਪੁਲਿਸ ਅਬਜ਼ਰਵਰ ਸ਼੍ਰੀ ਅਮਿਤ ਚੰਦਰਾ (ਆਈ.ਪੀ.ਐਸ) ਨੇ ਸੁਰੱਖਿਆ ਵਿਵਸਥਾ, ਨਾਕਾਬੰਦੀ, ਪੈਟਰੋਲਿੰਗ ਪਾਰਟੀਆਂ, ਪੁਲਿਸ ਫੋਰਸ, ਸਟਰਾਂਗ ਰੂਮ ਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ, ਸੀ.ਸੀ.ਟੀ.ਵੀ ਕੈਮਰਿਆਂ, ਵੀਡੀਓਗ੍ਰਾਫੀ ਪ੍ਰਬੰਧਨ, ਸਾਇਬਰ ਸਕਿਓਰਟੀ ਆਦਿ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਜ਼ਿਲਾ ਚੋਣ ਅਫ਼ਸਰ ਸ਼੍ਰੀ ਮਹਿੰਦਰਪਾਲ ਨੇ ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਸਮੂਹ ਅਬਜ਼ਰਵਰਾਂ ਨੂੰ ਵਿਸਵਾਸ ਦਿਵਾਇਆ ਕਿ ਸਮੁੱਚੇ ਚੋਣ ਅਮਲ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। 

LEAVE A REPLY

Please enter your comment!
Please enter your name here