
ਮਾਨਸਾ, 26 ਜੂਨ:(ਸਾਰਾ ਯਹਾਂ/ਹਿਤੇਸ਼ ਸ਼ਰਮਾ)
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਦਾ ਅਚਾਨਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਅਤੇ ਇੱਥੇ ਬਣੇ ਵਾਟਰ ਪਾਰਕ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਵਾਟਰ ਪਾਰਕ ਲੋਕਾਂ ਦੇ ਮਨੋਰੰਜਨ ਦਾ ਕੇਂਦਰ ਹੈ, ਇਸ ਵਿਚ ਛੋਟੇ ਬੱਚਿਆਂ ਦੀ ਸੁਵਿਧਾ ਲਈ ਹੋਰ ਸਲਾਈਡਰ ਲਗਾਏ ਜਾਣ ਤਾਂ ਜੋ ਬੱਚੇ ਗਰਮੀ ਦੇ ਮੌਸਮ ਵਿਚ ਵਾਟਰ ਪਾਰਕ ਦਾ ਆਨੰਦ ਮਾਣ ਸਕਣ।
ਉਨ੍ਹਾਂ ਗਊਸ਼ਾਲਾ ਅੰਦਰ ਪੁਰਾਤਨ ਵਿਰਾਸਤ ਨੂੰ ਦਰਸਾਉਂਦੀ ਬਣ ਰਹੀ ਹਵੇਲੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਹਵੇਲੀ ਦੀ ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਗਊਸ਼ਾਲਾ ਨੂੰ ਹੋਰ ਆਕਰਸ਼ਕ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਇੱਥੇ ਆਉਣ ਨਾਲ ਗਊਸ਼ਾਲਾ ਦੀ ਆਮਦਨ ਵਿਚ ਵਾਧਾ ਹੋ ਸਕੇ।
ਉਨ੍ਹਾਂ ਗਊਸ਼ਾਲਾ ਪ੍ਰਬੰਧਕਾਂ ਪਾਸੋਂ ਗਊਸ਼ਾਲਾ ਅੰਦਰ ਰੱਖੇ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਦਿੱਤੀ ਜਾਂਦੀ ਖ਼ੁਰਾਕ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਰਹਿਣ ਸਹਿਣ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾਵੇ ਅਤੇ ਪਸ਼ੂਆਂ ਨੂੰ ਪ੍ਰਮਾਣਿਤ ਖ਼ੁਰਾਕ ਹੀ ਦਿੱਤੀ ਜਾਵੇ। ਉਨ੍ਹਾਂ ਗਊਸ਼ਾਲਾ ਅੰਦਰ ਤੂੜੀ, ਗੁੜ ਅਤੇ ਫੀਡ ਦੀ ਉਪਲਬਧਤਾ ਅਤੇ ਗਊਸ਼ਾਲਾ ਵਿਚ ਬਣਾਈ ਜਾ ਰਹੀ ਖਾਦ ਬਾਰੇ ਜਾਣਕਾਰੀ ਲਈ। ਉਨ੍ਹਾਂ ਹਦਾਇਤ ਕੀਤੀ ਕਿ ਗਊਸ਼ਾਲਾ ਅੰਦਰ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।
ਉਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਲਿਆਉਣ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਘਟਾਇਆ ਜਾ ਸਕੇ।
