ਮਾਨਸਾ, 04 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਜ਼ਿਲ੍ਹਾ ਲੀਡ ਬੈਂਕ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਤਿਆਰ ਕੀਤੀ ਗਈ 2020-21 ਕਰਜਾ ਯੋਜਨਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਗੁਪਤਾ ਵੱਲੋਂ ਜਾਰੀ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਮੀਟਿੰਗ ਰਾਹੀਂ ਇਸ ਕਰਜਾ ਸਕੀਮ ਬਾਰੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਤੋਂ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਸਕੀਮਾਂ ਲਈ ਇਹ ਕਰਜਾ ਸਕੀਮ ਤਿਆਰ ਕੀਤੀ ਗਈ ਹੈ ਉਹ ਟੀਚੇ ਨਿਰਧਾਰਤ ਸਮੇਂ ਵਿੱਚ ਪੂਰੇ ਕੀਤੇ ਜਾਣ।
ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ਼੍ਰੀ ਕਮਲ ਕੁਮਾਰ ਗਰਗ ਨੇ ਦੱਸਿਆ ਕਿ ਇਸ ਕਰਜਾ ਯੋਜਨਾ ਤਹਿਤ ਇਸ ਸਾਲ ਖੇਤੀ ਦੇ ਖੇਤਰ ਲਈ 4639 ਕਰੋੜ ਰੁਪਏ ਦਾ ਕਰਜ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 5700 ਕਰੋੜ ਰੁਪਏ ਦੇ ਕਰਜ ਵੱਖ-ਵੱਖ ਖੇਤਰਾਂ ਵਿੱਚ ਬੈਂਕਾਂ ਵੱਲੋਂ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਪਹਿਲ ਦੇ ਖੇਤਰ ਵਿੱਚ 5567 ਅਤੇ ਬਿਨ੍ਹਾਂ ਪਹਿਲ ਦੇ ਖੇਤਰ ਵਿੱਚ 133 ਕਰੋੜ ਦਾ ਕਰਜਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਵਿੱਚ ਸਭ ਤੋਂ ਜ਼ਿਆਦਾ ਖੇਤੀਬਾੜੀ ਖੇਤਰ ਵਿੱਚ 4639 ਕਰੋੜ ਰੁਪਏ ਦੇ ਟੀਚੇ ਰੱਖੇ ਗਏ ਹਨ, ਜੋ ਕਿ ਕੁੱਲ ਯੋਜਨਾ ਦਾ 81 ਫੀਸਦੀ ਹਨ।
ਸ਼੍ਰੀ ਕਮਲ ਗਰਗ ਨੇ ਦੱਸਿਆ ਕਿ ਇਸ ਯੋਜਨਾ ਵਿੱਚ ਉਦਯੋਗ ਦੇ ਖੇਤਰ ਵਿੱਚ 685 ਕਰੋੜ ਰੁਪਏ ਅਤੇ ਦੂਜੇ ਜ਼ਰੂਰੀ ਖੇਤਰਾਂ ਲਈ 243 ਕਰੋੜ ਅਤੇ ਗਰੀਬ, ਅਨੁਸੂਚਿਤ ਜਾਤੀ ਅਤੇ ਗਰੀਬੀ ਰੇਖਾ ਦੇ ਨੀਚੇ ਗੁਜ਼ਾਰਾ ਕਰ ਰਹੇ ਬੇਰੁਜ਼ਗਾਰ ਲੋਕਾਂ ਲਈ ਵੱਖ-ਵੱਖ ਸਪਾਂਸਰ ਸਕੀਮਾਂ ਲਈ 1145 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ।
ਇਸ ਮੌਕੇ ਸਹਾਇਕ ਰੀਜ਼ਨਲ ਮੈਨੇਜਰ ਐਸ.ਬੀ.ਆਈ. ਸ਼੍ਰੀ ਜਗਮੋਹਨ ਬਾਂਸਲ, ਏ.ਜੀ.ਐਮ. ਨਾਬਾਰਡ ਸ਼੍ਰੀ ਸੀ.ਆਰ. ਠਾਕੁਰ, ਜ਼ਿਲ੍ਹਾ ਉਦਯੋਗ ਕੇਂਦਰ ਤੋਂ ਸ਼੍ਰੀ ਬਲਜਿੰਦਰ ਸਿੰਘ, ਐਲ.ਡੀ.ਓ. ਆਰ.ਬੀ.ਆਈ. ਸ਼੍ਰੀ ਰਘੁਬੀਰ ਸਿੰਘ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਮੌਜੂਦ ਸਨ।