
ਮਾਨਸਾ, 02 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਨੈਸ਼ਨਲ ਹਾਈਵੇ 148 ਬੀ ਦੇ ਤਹਿਤ ਬੁਢਲਾਡਾ ਭੀਖੀ ਰੋਡ ਤੇ ਓਵਰਬ੍ਰਿਜ ਅਤੇ ਹੋਰ ਕੰਮਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਬੰਧਤ ਕੰਮਾਂ ਦੀ ਦੇਖਰੇਖ ਕਰ ਰਹੇ ਵਿਭਾਗੀ ਅਧਿਕਾਰੀਆਂ ਓਵਰਬ੍ਰਿਜ਼ ਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਓਵਰਬ੍ਰਿਜ਼ ਦੇ ਕੰਮ ਬੰਦ ਹੋਣ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਦਿੱਕਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ,ਉਥੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਓਵਰਬ੍ਰਿਜ਼ ਦੇ ਨਿਰਮਾਣ ਕਾਰਜ਼ਾਂ ਲਈ ਜੁੜੇ ਅਧਿਕਾਰੀਆਂ ਤੋਂ ਓਵਰਬ੍ਰਿਜ਼ ਦੇ ਬੰਦ ਪਏ ਕੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਵਕਫ਼ ਬੋਰਡ ਤੋਂ ਐਕਵਾਇਰ ਕੀਤੀ ਜ਼ਮੀਨ ਦੀ ਅਦਾਇਗੀ ਦੇ ਮਸਲੇ ਨੂੰ ਹਲ ਕਰਨ ਲਈ ਸਬੰਧਤ ਧਿਰ ਨੂੰ ਬੁਲਾ ਕੇ ਮੀਟਿੰਗ ਸੱਦੀ ਜਾਵੇ, ਤਾਂ ਜੋ ਸਬੰਧਤ ਧਿਰ ਨਾਲ ਗੱਲਬਾਤ ਕਰਕੇ ਮਸਲੇ ਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਓਵਰਬ੍ਰਿਜ਼ ਦੇ ਬੰਦ ਪਏ ਕੰਮ ਨੂੰ ਮੁੜ ਤੋਂ ਚਾਲੂ ਕਰਕੇ ਸਮੇਂ ਨਾਲ ਨਿਪਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਕਫ਼ ਬੋਰਡ ਦੇ ਸੀ.ਈ.ਓ ਸ੍ਰੀ ਲਤੀਫ ਅਹਿਮਦ ਦੇ ਧਿਆਨ ’ਚ ਸਾਰਾ ਮਾਮਲਾ ਲਿਆਂਦਾ ਗਿਆ ਹੈ।
ਸ੍ਰੀਮਤੀ ਬਲਦੀਪ ਕੌਰ ਨੇ ਓਵਰਬ੍ਰਿਜ਼ ਦੇ ਨੇੜੇ ਬਣਨ ਵਾਲੀ ਸੜਕ ਅਤੇ ਸਰਵਿਸ ਰੋਡ ਦੇ ਕੰਮ ਨੂੰ ਤੇਜ਼ੀ ਨਾਲ ਨਜਿੱਠਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪੁਲ ਅਤੇ ਆਲੇ-ਦੁਆਲੇ ਬਣਨ ਵਾਲੀ ਸੜਕ ਦੇ ਪ੍ਰੋਜੈਕਟ ਲੋਕਾਂ ਦੀ ਸੁਵਿਧਾ ਅਤੇ ਆਵਾਜਾਈ ਨੂੰ ਧਿਆਨ ’ਚ ਰੱਖਕੇ ਬਣਾਇਆ ਜਾ ਰਿਹਾ ਹੈ, ਅਜਿਹੇ ਮਾਮਲਿਆਂ ’ਚ ਆਉਣ ਵਾਲੀ ਸਮੱਸਿਆ ਨੂੰ ਪਹਿਲਕਦਮੀ ਨਾਲ ਹਲ ਕੀਤਾ ਜਾਣਾ ਜਰੂਰੀ ਹੁੰਦਾ ਹੈ।
