ਮਾਨਸਾ, 03 ਅਕਤੂਬਰ (ਸਾਰਾ ਯਹਾ/ਬਲਜੀਤ ਸ਼ਰਮਾ) : ਗਾਂਧੀ ਜਯੰਤੀ ਨੂੰ ਸਮਰਪਿਤ ਸਵੱਛ ਭਾਰਤ ਮੁਹਿੰਮ ਤਹਿਤ ਬੁਢਲਾਡਾ ਤੇ ਬਰੇਟਾ ਵਿਖੇ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ ਵੱਲੋਂ ਲੋਕਾਂ ਨੂੰ ਇਸ ਸਵੱਛਤਾ ਪੰਦਰਵਾੜੇ ਦਾ ਹਿੱਸਾ ਬਣਨ ਅਤੇ ਕੂੜਾ ਇਕੱਤਰ ਕਰਨ ਲਈ ਆਉਣ ਵਾਲੇ ਕਰਮੀ ਨੂੰ ਵੱਖੋ-ਵੱਖਰਾ ਕੂੜਾ ਦੇਣ ਦੀ ਅਪੀਲ ਕੀਤੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਬੁਢਲਾਡਾ ਤੇ ਬਰੇਟਾ ਵਿਖੇ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਵਿੱਚ ਹਰੇਕ ਵਿਅਕਤੀ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਆਪਣੇ ਸ਼ਹਿਰ, ਮੁਹੱਲੇ, ਗਲੀ ਵਿੱਚ ਸਾਫ਼-ਸਫਾਈ ਪ੍ਰਤੀ ਹਰੇਕ ਨਾਗਰਿਕ ਸੰਜੀਦਗੀ ਨਾਲ ਸਹਿਯੋਗ ਦੇਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲੋਕਾਂ ਨੂੰ ਘਰ-ਘਰ ਜਾ ਕੇ ਪ੍ਰੇਰਿਤ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੁਢਲਾਡਾ ਦੇ ਵਾਰਡਾਂ ਨੂੰ 42 ਬਿੱਟਸ ਵਿੱਚ ਵੰਡਿਆ ਗਿਆ ਹੈ।
ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ ਨੇ ਕਿਹਾ ਕਿ ਇਸ ਸਬੰਧੀ ਕੂੜਾ ਇਕੱਤਰ ਕਰਨ ਵਾਲੀ ਰੇਹੜੀ ਦੇ ਚਾਲਕ ਅਤੇ ਹੋਰ ਅਧਿਕਾਰੀ ਦੇ ਨੰਬਰਾਂ ਵਾਲੇ ਬੈਨਰ ਵੀ ਲਗਾਏ ਗਏ ਹਨ, ਤਾਂ ਜੋ ਲੋਕ ਕੂੜੇ ਸਬੰਧੀ ਸਮੱਸਿਆ ਆਉਣ ‘ਤੇ ਉਨ੍ਹਾਂ ਨੰਬਰਾਂ ‘ਤੇ ਰਾਬਤਾ ਕਾਇਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੂੜਾ ਰੇਹੜੀ ਵਾਲੇ ਕਰਮੀ ਰੋਜ਼ਾਨਾ ਲੋਕਾਂ ਦੇ ਘਰਾਂ ਵਿੱਚੋਂ ਜਾ ਕੇ ਕੂੜਾ ਇਕੱਤਰ ਕਰਦੇ ਹਨ ਅਤੇ ਇਸ ਦੇ ਬਦਲੇ ਬਹੁਤ ਹੀ ਘੱਟ ਫੀਸ ਲੋਕਾਂ ਨੂੰ ਦੇਣੀ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਦੇਣ।