ਮਾਨਸਾ, 17 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ): ਜ਼ਿਲੇ ਅੰਦਰ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਅੱਜ ਜ਼ਿਲਾ ਵਾਤਾਵਰਣ ਕਮੇਟੀ ਦੇ ਨੁਮਾਇੰਦਿਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਉਨਾਂ ਸਬੰਧਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਘਰਾਂ ਤੋਂ ਇੱਕਤਰ ਕੂੜੇ ਨੂੰ ਸਿੱਧਾ ਐਮ.ਆਰ.ਐਫ਼ ਸ਼ੈਡ ਵਿਖੇ ਅਲੱਗ-ਅਲੱਗ ਕਰਨ ਲਈ ਭੇਜਿਆ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਲੀਗੇਸੀ ਵੇਸਟ (ਪੁਰਾਣਾ ਕੂੜਾ) ਨੂੰ ਸਾਫ਼ ਕਰਨ ਲਈ ਪ੍ਰਪੋਜ਼ਲ ਤਿਆਰ ਕੀਤਾ ਜਾਵੇ। ਉਨਾਂ ਕਿਹਾ ਕਿ ਪੀ.ਐਮ.ਆਈ.ਡੀ.ਸੀ. (ਪੰਜਾਬ ਮਿਊਂਸਪਲ ਇੰਨਫਰਾਸਟਰਚਰ ਡਿਵੈਲਪਮੈਂਟ ਕੰਪਨੀ) ਦੇ ਨੁਮਾਇੰਦੇ ਨੂੰ ਜ਼ਿਲੇ ਦਾ ਦੌਰਾ ਕਰਵਾਕੇ ਉਨਾਂ ਦੀ ਸਲਾਹ ਅਨੁਸਾਰ ਵੀ ਕੂੜੇ ਨੂੰ ਸਾਫ਼ ਕਰਨ ਸਬੰਧੀ ਯੋਜਨਾ ਤਿਆਰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਸੋਲਿਡ ਵੇਸਟ ਡੰਪ ਸਾਈਟ ’ਤੇ ਸੀ.ਸੀ.ਟੀ.ਵੀਂ ਕੈਮਰੇ ਜ਼ਰੂਰ ਲੱਗੇ ਹੋਣ ਅਤੇ ਇਸ ਤੋਂ ਇਲਾਵਾ ਪਾਣੀ ਦੀ ਗੁਣਵੱਤਾ ਨੂੰ ਚੈਕ ਕਰਨ ਲਈ ਪੀਜ਼ੋਮੀਟਰ (ਚੈਕਬੋਰ) ਜ਼ਰੂਰ ਬਣਵਾਏ ਜਾਣ।
ਉਨਾਂ ਕਿਹਾ ਕਿ ਜ਼ਿਲੇ ਅੰਦਰ ਜਿੰਨੇ ਵੀ ਗੈਰ-ਕਾਨੂੰਨੀ ਸੀਵਰੇਜ਼ ਦੇ ਕੂਨੈਕਸ਼ਨ ਚੱਲ ਰਹੇ ਹਨ, ਉਨਾਂ ਸਬੰਧੀ ਮਤਾ ਪੁਆ ਕੇ ਕਾਰਵਾਈ ਕੀਤੀ ਜਾਵੇ ਅਤੇ ਜ਼ੁਰਮਾਨੇ ਕੀਤੇ ਜਾਣ। ਉਨਾਂ ਕਿਹਾ ਕਿ ਪਿੰਡ ਦਾ ਜੋ ਪਾਣੀ ਦਰਿਆ ਵਿੱਚ ਪੈਂਦਾ ਹੈ ਉਸਨੂੰ ਬੰਦ ਕਰਵਾਇਆ ਜਾਵੇ ਅਤੇ ਪਿੰਡਾਂ ਦਾ ਕੂੜੇ ਦੇ ਪ੍ਰਬੰਧਨ ਲਈ ਐਮ.ਆਰ.ਐਫ. ਸ਼ੈਡ ਜਾਂ ਪਿਟਸ ਬਣਾਏ ਜਾਣ। ਉਨਾਂ ਸੋਲਿਡ ਵੇਸਟ, ਪਲਾਸਟਿਕ ਵੇਸਟ, ਬਾਇਓ ਮੈਡੀਕਲ ਵੇਸਟ, ਈ-ਵੇਸਟ ਪ੍ਰਬੰਧਨ, ਹਵਾ ਅਤੇ ਪਾਣੀ ਦਾ ਗੁਣਵੱਤਾ ਪ੍ਰਬੰਧਨ, ਫੋਗਿੰਗ ਮਸ਼ੀਨਾਂ ਆਦਿ ਸਬੰਧੀ ਵੀ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ, ਐਸ.ਪੀ. ਰਾਕੇਸ਼ ਕੁਮਾਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਾਰੀ ਮੌਜੂਦ ਸਨ।