ਮਾਨਸਾ, 6 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਅਤੇ ਵਿਧਾਇਕ ਸਰਦੂਲਗੜ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਨਾਜ ਮੰਡੀ ਸਰਦੂਲਗੜ ਵਿਖੇ ਕਣਕ ਦੀ ਖਰੀਦ ਪ੍ਕਿਰਿਆ ਦਾ ਕੰਮ ਸੁਰੂ ਕਰਵਾਇਆ। ਡਿਪਟੀ ਕਮਿਸਨਰ ਸ੍ਰੀ ਜਸਪ੍ਰੀਤ ਸਿੰਘ ਨੇ ਖਰੀਦ ਕਾਰਜਾਂ ਦਾ ਜਾਇਜ਼ ਲੈਦਿਆਂ ਮੋਕੇ ਤੇ ਹੀ ਕਣਕ ਦੀ ਬੋਲੀ ਕਰਵਾ ਕੇ ਖਰੀਦ ਕੀਤੀ ਕਣਕ ਦੀ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਦਾਇਗੀ ਕਰਵਾ ਦਿੱਤੀ। ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ। ਉਨਾਂ ਵਿਸ਼ਵਾਸ ਦਿਵਾਇਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਬਿਲਕੁੱਲ ਵੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇਕ ਇਕ ਦਾਣਾ ਖਰੀਦ ਕਰਨ ਲਈ ਵਚਨਬੱਧ ਹੈ। ਉਨਾਂ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਅਗਵਾਈ ’ਚ ਮੰਡੀਆਂ ’ਚ ਹਰੇਕ ਤਰਾ ਦੇ ਕੀਤੇ ਲੋੜੀਂਦੇ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨਾਂ ਸਮੂਹ ਕਿਸਾਨਾਂ, ਆੜਤੀਆਂ ਨੂੰ ਸੁਖਾਵੇਂ ਮਾਹੌਲ ’ਚ ਖਰੀਦ ਪ੍ਰਕਿਰਿਆ ਦੇ ਕੰਮ ਨੂੰ ਨੇਪਰੇ ਚੜਾਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ, ਜਿੰਮੀਦਾਰਾਂ ਨੂੰ, ਆੜਤੀਆਂ ਨੂੰ, ਮਜ਼ਦੂਰਾਂ ਨੂੰ ਜਾਂ ਕਿਸੇ ਵੀ ਹੋਰ ਵਰਗ ਨੂੰ ਆਪਣੀ ਜਿਣਸ ਦੀ ਵਿਕਰੀ, ਚੁਕਾਈ, ਢੋਆ ਢੁਆਈ, ਅਦਾਇਗੀ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਪੱਖੋਂ ਪੂਰੀ ਤਰਾਂ ਮੁਸਤੈਦ ਹੈ । ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਮੁੱਚੀ ਕਣਕ ਦੀ ਖਰੀਦ ਪ੍ਰਕਿਰਿਆ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨਾਂ ਕਿਹਾ ਕਿ ਜ਼ਿਲੇ ’ਚ 117 ਪੱਕੇ ਖਰੀਦ ਕੇਂਦਰ ਅਤੇ 22 ਆਰਜ਼ੀ ਖਰੀਦ ਕੇਂਦਰ ਬਣਾਏ ਗਏ ਹਨ । ਉਨਾਂ ਕਿਹਾ ਕਿ ਲਗਭਗ 6 ਲੱਖ 35 ਹਜ਼ਾਰ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਮੰਡੀਆਂ ਦੇ ਵਿਚ ਲਾਈਟਾਂ, ਪੀਣ ਵਾਲੇ ਪਾਣੀ, ਪਖਾਨੇ ਅਤੇ ਚੌਂਕੀਦਾਰਾਂ ਦਾ ਪ੍ਰਬੰਧ ਹਰ ਥਾਂ ’ਤੇ ਕੀਤਾ ਜਾਵੇਗਾ। ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਕ 24 ਘੰਟੇ ਦੇ ਅੰਦਰ ਅਦਾਇਗੀ ਅਤੇ 48 ਤੋਂ 72 ਘੰਟੇ ਦੇ ਅੰਦਰ ਅੰਦਰ ਲਿਫਟਿੰਗ ਕਾਰਜ਼ਾਂ ਨੂੰ ਨੇਪਰੇ ਚੜਾਇਆ ਜਾਵੇਗਾ। ਇਸ ਮੌਕੇ ਐਸ.ਡੀ.ਐਮ. ਸਰਦੂਲਗੜ ਮਨੀਸ਼ਾ ਰਾਣਾ, ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਅਤਿੰਦਰ ਕੌਰ ਢਿੱਲੋਂ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ, ਕਿਸਾਨ, ਆੜਤੀਆਂ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਹੋਰ ਹਾਜ਼ਰ ਸਨ।