
ਚੰਡੀਗੜ•, ਅਪ੍ਰੈਲ 27 (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਕੋਵਿਡ ਉਪਰੰਤ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਨੀਤੀ ਘੜਨ ਦੀ ਦਿਸ਼ਾ ਵਿੱਚ ਸੋਮਵਾਰ ਨੂੰ ਉਸ ਵੇਲੇ ਪਹਿਲਾ ਕਦਮ ਚੁੱਕਿਆ ਗਿਆ ਜਦੋਂ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਮਾਹਿਰਾਂ ਦੇ ਗਰੁੱਪ ਨੇ ਪੰਜ ਸਬ ਗਰੁੱਪ ਤਿਆਰ ਕਰ ਲਏ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਵੀ ਸੂਬੇ ਦੀ ਅਰਥ ਵਿਵਸਥਾ ਤੇ ਪ੍ਰਗਤੀ ਨੂੰ ਮੁੜ ਬਹਾਲ ਕਰਨ ਲਈ ਆਪਣੀ ਰਹਿਨੁਮਾਈ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਸਵਿਕਾਰ ਕਰ ਲਿਆ ਹੈ।
ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠਲੇ ਮਾਹਿਰਾਂ ਦੇ ਗਰੁੱਪ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਨਾਲ ਜਾਣ-ਪਛਾਣ ਮੀਟਿੰਗ ਕੀਤੀ ਜਿਸ ਵਿੱਚ ਖੁਲਾਸਾ ਕੀਤਾ ਗਿਆ ਕਿ ਮੁੱਖ ਮੰਤਰੀ ਨੇ ਮਾਹਿਰਾਂ ਦੇ ਗਰੁੱਪ ਦੇ ਨਾਲ ਡਾ.ਮਨਮੋਹਨ ਸਿੰਘ ਨੂੰ ਸੂਬਾ ਸਰਕਾਰ ਦੀ ਅਗਵਾਈ ਕਰਨ ਲਈ ਲਿਖਿਆ ਸੀ ਅਤੇ ਉਨ•ਾਂ ਨੇ ਇਹ ਅਪੀਲ ਮੰਨ ਲਈ ਹੈ। ਉਨ•ਾਂ ਟਵੀਟ ਕਰ ਕੇ ਲਿਖਿਆ, ”ਅਸੀਂ ਪੰਜਾਬ ਨੂੰ ਕੋਵਿਡ-19 ਉਪਰੰਤ ਆਰਥਿਕ ਵਿਕਾਸ ਦੇ ਰਾਸਤੇ ਉਤੇ ਅੱਗੇ ਲਿਜਾਣ ਲਈ ਸਖਤ ਮਿਹਨਤ ਕਰਾਂਗੇ। ਅਸੀਂ ਇਸ ਉਤੇ ਦੁਬਾਰਾ ਧਿਆਨ ਕੇਂਦਰਿਤ ਕਰਾਂਗੇ।”
ਮੁੱਖ ਮੰਤਰੀ ਨੇ ਗਰੁੱਪ ਮੈਂਬਰਾਂ ਦਾ ਇਸ ਸਹਾਇਤਾ ਕਰਨ ਲਈ ਅੱਗੇ ਆਉਣ ਵਾਸਤੇ ਧੰਨਵਾਦ ਕੀਤਾ। ਗੰਭੀਰ ਵਿਸ਼ਵ ਵਿਆਪੀ ਸਥਿਤੀ ਦੇ ਮੱਦੇਨਜ਼ਰ ਉਨ•ਾਂ ਕਿਹਾ, ”ਮੈਂ ਸੂਬੇ ਲਈ ਸਭ ਤੋਂ ਵਧੀਆ ਚਾਹੁੰਦਾ ਸੀ ਅਤੇ ਇਸ ਗਰੁੱਪ ਤੋਂ ਵਧੀਆ ਹੋਰ ਕੁਝ ਬਾਰੇ ਸੋਚਿਆ ਨਹੀਂ ਜਾ ਸਕਦਾ।”
ਮੌਂਟੇਕ ਸਿੰਘ ਆਹਲੂਵਾਲੀਆ ਨੇ ਵੀਡੀਓ ਕਾਨਫਰੰਸ ਦੌਰਾਨ ਦੱਸਿਆ ਕਿ ਮਾਹਿਰਾਂ ਦੇ ਗਰੁੱਪ ਜਿਸ ਵਿੱਚ ਪਹਿਲਾਂ 20 ਮੈਂਬਰ ਸਨ ਅਤੇ ਇਸ ਵਿੱਚ ਦੋ ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ, ਨੇ ਆਪਣੀ ਪਹਿਲੀ ਮੀਟਿੰਗ ਕੀਤੀ ਹੈ। ਉਨ•ਾਂ ਦੱਸਿਆ ਕਿ ਗਰੁੱਪ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜ ਸਬ-ਗਰੁੱਪ ਵਿੱਤ, ਖੇਤੀਬਾੜੀ, ਸਿਹਤ, ਉਦਯੋਗ ਅਤੇ ਸਮਾਜਿਕ ਸਹਾਇਤਾ ਬਣਾਏ ਗਏ ਹਨ। ਉਨ•ਾਂ ਦੱਸਿਆ ਕਿ ਇਨ•ਾਂ ਗਰੁੱਪਾਂ ਦਾ ਹਰੇਕ ਚੇਅਰਪਰਸਨ ਏਜੰਡਾ ਅੱਗੇ ਲਿਜਾਣ ਲਈ ਵਰਕਰਾਂ ਨੂੰ ਲਾਮਬੰਦ ਕਰੇਗਾ।
ਮੁੱਖ ਮੰਤਰੀ ਨੇ ਤਾਂ ਭਾਰਤ ਸਰਕਾਰ ਵੱਲੋਂ ਹੱਲ ਪੇਸ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਕਿਉਂ ਜੋ ਪੰਜਾਬ ਦੀ ਹਾਲਤ ਗੰਭੀਰ ਹੈ ਪਰ ਮੌਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਗਰੁੱਪ ਅੱਗੇ ਬਹੁਤ ਮੱਹਤਵਪੂਰਨ ਕਾਰਜ ਹੈ ਪਰ ਅਸੀਂ ਸੂਬੇ ਨੂੰ ਮੁੜ ਉਭਾਰਨ ਲਈ ਯਕੀਨਨ ਤੌਰ ‘ਤੇ ਕੁਝ ਹੱਲ ਲੈ ਕੇ ਆਵਾਂਗੇ।
ਕੈਪਟਨ ਅਮਰਿੰਦਰ ਸਿੰਘ ਨੇ ਗਰੁੱਪ ਨੂੰ ਦੱਸਿਆ ਕਿ ਸੂਬੇ ਦੀ ਵਿੱਤੀ ਸਥਿਤੀ ਕਮਜ਼ੋਰ ਹੈ ਜਿਸ ਨੂੰ ਮਹੀਨਾਵਾਰ 3360 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਇਆ ਹੈ। ਇਨ•ਾਂ ਵਿੱਚ ਜੀ.ਐਸ.ਟੀ. ਦੇ 1322 ਕਰੋੜ ਰੁਪਏ, ਸ਼ਰਾਬ ‘ਤੇ ਸੂਬੇ ਦੀ ਆਬਕਾਰੀ 521 ਕਰੋੜ, ਮੋਟਰ ਵਹੀਕਲ ਟੈਕਸ ਦੇ 198 ਕਰੋੜ ਰੁਪਏ, ਪੈਟਰੋਲ ਤੇ ਡੀਜ਼ਲ ‘ਤੇ ਵੈਟ ਦੇ 465 ਕਰੋੜ ਰੁਪਏ, ਇਲੈਕਟ੍ਰੀਸਿਟੀ ਡਿਊਟੀ ਦੇ 243 ਕਰੋੜ, ਸਟੈਂਪ ਡਿਊਟੀ ਦੇ 219 ਕਰੋੜ ਅਤੇ ਨਾਨ-ਟੈਕਸ ਮਾਲੀਏ ਦੇ 392 ਕਰੋੜ ਰੁਪਏ ਦੇ ਰੂਪ ਵਿੱਚ ਘਾਟੇ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨਗਦੀ ਦੇ ਆਦਾਨ-ਪ੍ਰਦਾਨ ‘ਚ ਮੁਕੰਮਲ ਤੌਰ ‘ਤੇ ਖੜ•ੋਤ ਆ ਚੁੱਕੀ ਹੈ। ਉਨ•ਾਂ ਦੱਸਿਆ ਕਿ ਬਿਜਲੀ ਦੀ ਖਪਤ ਵਿੱਚ 30 ਫੀਸਦੀ ਕਮੀ ਆਈ ਹੈ ਅਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਬਿਜਲੀ ਦਰਾਂ ਇਕੱਤਰ ਕਰਨ ਵਿੱਚ ਰੋਜ਼ਾਨਾ 30 ਕਰੋੜ ਰੁਪਏ ਦਾ ਘਾਟਾ ਹੈ। ਪੰਜਾਬ ਦਾ ਉਦਯੋਗ ਠੱਪ ਹੈ ਜਿੱਥੇ ਇਕ ਫੀਸਦੀ ਤੋਂ ਵੀ ਘੱਟ ਕੰਮ ਚੱਲ ਰਿਹਾ ਹੈ। ਉਨ•ਾਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸੂਬੇ ਦੇ ਜੀ.ਐਸ.ਟੀ. ਦਾ 4365.37 ਕਰੋੜ ਰੁਪਏ ਦਾ ਭੁਗਤਾਨ ਕਰਨਾ ਅਜੇ ਬਾਕੀ ਹੈ।
ਗਰੁੱਪ ਮੈਂਬਰ ਅਤੇ ਉਦਯੋਗਪਤੀ ਐਸ ਪੀ ਓਸਵਾਲ ਨੇ ਕਿਹਾ ਕਿ ਰਾਜ ਅਤੇ ਸਨਅਤ ਨੂੰ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਸਖ਼ਤ ਫੈਸਲੇ ਲੈਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਣਕ ਦੀ ਫ਼ਸਲ ਦੀ ਬੰਪਰ ਪੈਦਾਵਾਰ ਨਾਲ ਖੇਤੀਬਾੜੀ ਇਸ ਸਮੇਂ ਸਥਿਤੀ ਦਾ ਇਕਮਾਤਰ ਉਜਵਲ ਪੱਖ ਪੇਸ਼ ਕਰ ਰਹੀ ਹੈ ਜਿਸ ਤੋਂ ਬਾਅਦ ਕਪਾਹ ਅਤੇ ਝੋਨੇ ਦੀ ਫ਼ਸਲ ਆਵੇਗੀ। ਉਨ••ਾਂ ਕਿਹਾ ਕਿ ਉਨ••ਾਂ ਦੀ ਸਰਕਾਰ ਨੇ ਘਟ ਰਹੇ ਜਲ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਕਾਸ਼ਤ ਨੂੰ ਹੋਰ ਘਟਾਉਣ ਦਾ ਪ੍ਰਸਤਾਵ ਕੀਤਾ ਹੈ ਪਰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਬਾਰੇ ਕੇਂਦਰ ਦਾ ਸਟੈਂਡ ਅਜੇ ਤੱਕ ਸਪਸ਼ਟ ਨਾ ਹੋਣ ਕਰਕੇ ਸਥਿਤੀ ਅਸਪਸ਼ਟ ਬਣੀ ਹੋਈ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਵਿੱਚ ਆਪਣੀ ਉਪਜ ਦੇਰੀ ਨਾਲ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਉਨ•ਾਂ ਦੀ ਸਰਕਾਰ ਦੀ ਬੇਨਤੀ ਨੂੰ ਸਵਿਕਾਰ ਨਹੀਂ ਕੀਤਾ ਸੀ ਜੋ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਸੀ ਜਿਸ ਨਾਲ ਇਸ ਵੇਲੇ 8 ਜ਼ਿਲ••ੇ ਪ੍ਰਭਾਵਤ ਹਨ ਅਤੇ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਮੌਤ ਦਰ ਵੱਧ ਦਰਸਾਈ ਗਈ ਹੈ। ਹਾਲਾਂਕਿ, ਦੇਸ਼ ਦੇ ਮੁਕਾਬਲੇ ਸੂਬੇ ਦੀ ਪ੍ਰਤੀਸ਼ਤਤਾ 1 ਅਪਰੈਲ ਨੂੰ 2.2 ਫੀਸਦੀ ਤੋਂ ਘਟ ਕੇ 25 ਅਪਰੈਲ ਨੂੰ 1.2 ਫੀਸਦੀ ਰਹਿ ਗਈ। ਉਨ•ਾਂ ਕਿਹਾ ਕਿ ਕੇਸਾਂ ਦੇ ਦੁੱਗਣੇ ਹੋਣ ਦੀ ਦਰ (ਪਿਛਲੇ 1 ਹਫ਼ਤੇ ਦੇ ਔਸਤ ਵਜੋਂ) ਰਾਸ਼ਟਰੀ ਔਸਤ ਦੇ 9 ਦਿਨਾਂ ਦੀ ਤੁਲਨਾ ਵਿੱਚ 18 ਦਿਨ ਹੈ।
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਮੌਜੂਦਾ ਸੰਕਟ ਨਾਲ ਨਜਿੱਠਣ ਵਾਸਤੇ ਕੇਂਦਰ ਛੇਤੀ ਹੀ ਸੂਬੇ ਨੂੰ ਬਹੁਤ ਲੋੜੀਂਦਾ ਰਾਹਤ ਪੈਕੇਜ ਮੁਹੱਈਆ ਕਰਵਾਏਗੀ।
——
