
ਚੰਡੀਗੜ੍ਹ, 23 ਅਗਸਤ(ਸਾਰਾ ਯਹਾਂ/ਹਿਤੇਸ਼ ਸ਼ਰਮਾ):
ਸੂਬੇ ਦੇ ਬਜੁਰਗਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੀਨੀਅਰ ਸਿਟੀਜ਼ਨ ਐਕਟ-2007 ਸਬੰਧੀ ਬਣਾਈ ਗਈ ਲਘੂ ਫਿਲ਼ਮ ਅਤੇ ਪੋਸਟਰ ਨੂੰ ਅੱਜ ਇੱਥੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜ਼ਾਰੀ ਕੀਤਾ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੇ ਨਿਰਬਾਹ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਮਾਤਾ ਪਿਤਾ ਅਤੇ ਸੀਨੀਅਰ ਸਿਟੀਜ਼ਨ ਦਾ ਪਾਲਣ ਪੋਸ਼ਣ ਅਤੇ ਭਲਾਈ ਐਕਟ-2007 ਲਾਗੂ ਕੀਤਾ ਗਿਆ ਹੈ। ਇਸ ਐਕਟ ਅਧੀਨ ਜਿਹੜੇ ਬੱਚੇ, ਰਿਸਤੇਦਾਰ (ਖੂਨ ਦਾ ਰਿਸ਼ਤਾ) ਆਪਣੇ ਮਾਂ-ਬਾਪ ਦੀ ਦੇਖ-ਭਾਲ ਨਹੀ ਕਰਦੇ, ਉਨ੍ਹਾਂ ਬਜ਼ੁਰਗਾਂ ਨੂੰ ਜੀਵਨ ਨਿਰਬਾਹ ਲਈ ਗੁਜਾਰਾ ਭੱਤਾ ਲੈਣ ਦਾ ਉਪਬੰਧ ਹੈ।

ਉਨ੍ਹਾਂ ਦੱਸਿਆ ਕਿ ਇਸ ਐਕਟ ਅਧੀਨ ਮੇਨਟੈਨੈਸ ਟ੍ਰਿਬਿਊਨਲ ਅਤੇ ਐਪੀਲੈਂਟ ਟ੍ਰਿਬਿਊਨਲ ਸਥਾਪਤ ਕੀਤਾ ਗਿਆ ਹੈ। ਜਿੱਥੇ ਕੋਈ ਵੀ ਸੀਨੀਅਰ ਸਿਟੀਜ਼ਨ ਆਪਣੀ ਮੁਸ਼ਕਿਲ ਬਾਬਤ ਸਬੰਧਤ ਸਬ-ਡਵੀਜਨ ਦੇ ਉਪ ਮੰਡਲ ਅਫਸਰ ਨੂੰ ਸ਼ਿਕਾਇਤ ਦੇ ਸਕਦਾ ਹੈ ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਐਕਟ ਅਧੀਨ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਪਾਲਣ-ਪੋਸ਼ਣ ਅਫਸਰ ਲਗਾਇਆ ਗਿਆ ਹੈ ਅਤੇ ਬਜੁਰਗ ਨਾਗਰਿਕਾਂ ਨੂੰ ਮੂਲ ਜਰੂਰਤਾਂ ਦੇ ਰੂਪ ਵਿੱਚ ਭੋਜਨ, ਕੱਪੜੇ ਰਿਹਾਇਸ਼ ਅਤੇ ਸਿਹਤ ਦੇਖ-ਭਾਲ ਲਈ ਜ਼ਰੂਰੀ ਰਾਸ਼ੀ ਮੁਹੱਈਆ ਕਰਾਉਣੀ ਵੀ ਸ਼ਾਮਿਲ ਹੈ।
ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ, ਏ.ਆਈ.ਜੀ(ਪ੍ਰਸੋਨਲ-2) ਸ੍ਰੀ ਗੌਰਵ ਤੂਰਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
