ਡਾ. ਦੀਪਕ ਜਯੋਤੀ ਨੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਮੈਂਬਰ ਵਜੋਂ ਅਹੁਦਾ ਸੰਭਾਲਿਆ

0
38

ਚੰਡੀਗੜ੍ਹ, 29 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ ) ਡਾ. ਦੀਪਕ ਜਯੋਤੀ ਨੇ ਅੱਜ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਗੈਰ ਸਰਕਾਰੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ।

ਡਾ. ਦੀਪਕ ਜਯੋਤੀ, ਜੋ ਕਿ ਪੇਸ਼ੇ ਵਜੋਂ ਡਾਕਟਰ ਹਨ, ਨੇ ਆਪਣੀ ਨਿਯੁਕਤੀ ’ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ਼੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਉਹ ਹਮੇਸ਼ਾ ਤੱਤਪਰ ਰਹਿਣਗੇ ਅਤੇ ਜੋ ਭਰੋਸਾ ਉਨ੍ਹਾਂ ’ਤੇ ਮੁੱਖ ਮੰਤਰੀ ਜੀ ਨੇ ਪ੍ਰਗਟਾਇਆ ਹੈ, ਉਸ ’ਤੇ ਉਹ ਖਰਾ ਉਤਰਣਗੇ।

ਬੱਚਿਆਂ ਵਿਰੁੱਧ ਹੋਣ ਵਾਲੇ ਅਨਿਆ ਖ਼ਿਲਾਫ ਲੜਨ ਦਾ ਅਹਿਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਾਲ ਮਜ਼ਦੂਰੀ, ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਰੱਖਣਾ, ਬੱਚਿਆਂ ਨਾਲ ਹੋਣ ਵਾਲੇ ਸ਼ੋਸ਼ਣ, ਤਸਕਰੀ ਸਮੇਤ ਬੱਚਿਆਂ ਵਿਰੁੱਧ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸੰਕਟ ਗ੍ਰਸਤ, ਅਧਿਕਾਰਾਂ ਤੋਂ ਵਾਂਝੇ, ਹਾਸ਼ੀਏ ਤੋਂ ਪਰੇ ਤੇ ਬਿਨਾਂ ਪਰਿਵਾਰਾਂ ਤੋਂ ਰਹਿ ਰਹੇ ਬੱਚਿਆਂ ਨਾਲ ਸਬੰਧਿਤ ਮਾਮਲਿਆਂ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਂਦੀ ਰਹੇਗੀ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਸਿੱਖਿਅਤ ਕਰਕੇ ਇੱਕ ਚੰਗਾ ਮੁਕਾਮ ਦਿਵਾ ਕੇ ਇਨ੍ਹਾਂ ਦਾ ਭਵਿੱਖ ਉਜਵਲ ਬਣਾਇਆ ਜਾ ਸਕੇ।

ਅਹੁਦਾ ਸੰਭਾਲਣ ਉਪਰੰਤ ਡਾ. ਦੀਪਕ ਜਯੋਤੀ ਨੇ ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੰੂ ਉਹ ਤਨਦੇਹੀ ਨਾਲ ਨਿਭਾਉਣਗੇ।

LEAVE A REPLY

Please enter your comment!
Please enter your name here