
ਫਗਵਾੜਾ 26 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਜਿਲ੍ਹਾ ਸਕੱਤਰ ਕਰਮਜੀਤ ਸਿੰਘ ਬਿੱਟੂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ ਵਿਚ ਆਪਣੀ ਸਪੀਚ ਦੌਰਾਨ ਬੀਤੇ ਦਿਨੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਬਾਰੇ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਨ ਨੂੰ ਮੰਦਭਾਗਾ ਅਤੇ ਨਿੰਦਣਯੋਗ ਦੱਸਿਆ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੁਨੀਆ ਦੇ ਬੁੱਧੀਜੀਵੀਆਂ ਵਿਚ ਛੇਵਾਂ ਸਥਾਨ ਰੱਖਦੇ ਹਨ। ਜਿਹਨਾਂ ਨੇ 32 ਡਿਗਰੀਆਂ ਪ੍ਰਾਪਤ ਕੀਤੀਆਂ ਅਤੇ 30 ਹਜਾਰ ਕਿਤਾਬਾਂ ਪੜ੍ਹੀਆਂ ਹਨ। ਇਹੀ ਨਹੀਂ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਦੇ ਸਮੇਂ ਔਰਤਾਂ ਅਤੇ ਹਰੇਕ ਜਾਤੀ ਦੇ ਪਿਛੜੇ ਤੇ ਗਰੀਬ ਲੋਕਾਂ ਲਈ ਸਮਾਨਤਾ ਦੇ ਅਧਿਕਾਰ ਨੂੰ ਯਕੀਨੀ ਬਣਾਇਆ ਹੈ। ਬਿੱਟੂ ਨੇ ਕਿਹਾ ਕਿ ਅਜਿਹੀ ਵਿਲੱਖਣ ਸ਼ਖਸੀਅਤ ਬਾਰੇ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਬਿਲਕੁਲ ਬਰਦਾਸ਼ਤ ਕਕਰਨ ਯੋਗ ਨਹੀਂ ਹੈ। ਇਸ ਲਈ ਉਹਨਾਂ ਨੇ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਉੱਥੇ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਅਪੀਲ ਕੀਤੀ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਇੱਸ ਮੁੱਦੇ ਲਈ ਤਲਬ ਕਰਕੇ ਜਵਾਬਦੇਹ ਬਣਾਇਆ ਜਾਵੇ।
