
ਬੁਢਲਾਡਾ 17 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਲੋਕ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜਰ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਡਾ: ਰਣਵੀਰ ਕੌਰ ਮੀਆਂ ਨੇ ਪਿੰਡ ਬੀਰੋਕੇ ਕਲਾਂ, ਹੀਰੋਂ ਖੁਰਦ, ਖੀਵਾ, ਬੱਛੋਆਣਾ, ਗੁਰਨੇ ਕਲਾਂ, ਬੋੜਾਵਾਲ ਆਦਿ ਦਾ ਦੌਰਾ ਕਰਕੇ ਲੋਕਾਂ ਨਾਲ ਰਾਬਤਾ ਬਣਾਇਆ ਤਾਂ ਕਿ ਪਾਰਲੀਮੈਂਟ ਚੋਣਾਂ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਸਫਲਤਾ ਹਾਸਿਲ ਕੀਤੀ ਜਾ ਸਕੇ। ਡਾ: ਰਣਵੀਰ ਕੌਰ ਮੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਪਾਰਟੀ ਹੈ। ਜਿਸ ਨੇ ਲੰਮਾ ਸਮਾਂ ਸ਼ਾਸ਼ਨ ਕਰਕੇ ਦੇਸ਼ ਨੂੰ ਤਰੱਕੀ ਦਿੱਤੀ ਅਤੇ ਸਭ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਿਆ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਮੌਕਾਪ੍ਰਸਤ ਅਤੇ ਧਰਮ ਦੀ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਕੁਝ ਲੋਕ ਪਾਰਟੀ ਵਿੱਚ ਅਦਲਾ-ਬਦਲੀ ਕਰ ਰਹੇ ਹਨ। ਪਰ ਕਾਂਗਰਸ ਪਾਰਟੀ ਦਾ ਸਿਧਾਂਤ ਹੈ ਕਿ ਉਹ ਆਪਣੇ ਨਿਯਮਾਂ, ਨੀਤੀਆਂ ਅਤੇ ਤਰੱਕੀ ਨੂੰ ਲੈ ਕੇ ਚੱਲਦੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ ਅਤੇ ਕੇਂਦਰ ਵਿੱਚ 2024 ਵਿੱਚ “ਇੰਡੀਆ” ਗਠਜੋੜ ਆਪਣੀ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਆਧਾਰ ਕਾਰਡ, ਨਰੇਗਾ-ਮਨਰੇਗਾ ਅਤੇ ਹੋਰ ਸਕੀਮਾਂ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਲੈ ਕੇ ਆਈ ਸੀ। ਜਿਸ ਤੇ ਅੱਜ ਭਾਜਪਾ ਦੀ ਸਰਕਾਰ ਆਪਣੀ ਪ੍ਰਾਪਤੀ ਦੱਸ ਕੇ ਝੂਠੀਆਂ ਗ੍ਰੰਟੀਆਂ ਦੇ ਰਹੀ ਹੈ। ਇਸ ਮੌਕੇ ਤਰਜੀਤ ਸਿੰਘ ਚਹਿਲ, ਸਰਬਜੀਤ ਸਿੰਘ ਮੀਆਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
