ਪਟਿਆਲਾ 27,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਡਾਕਟਰਾਂ ਵੱਲੋਂ ਸ਼ੁਰੂ ਕੀਤੀ ਹੜ੍ਹਤਾਲ ਕਾਰਨ ਅੱਜ ਰਜਿੰਦਰਾ ਹਸਪਤਾਲ ਵਿਖੇ ਓਪੀਡੀ ਸੇਵਾਵਾਂ ਬੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਡਾਕਟਰਾਂ ਦੀ ਹੜ੍ਹਤਾਲ ਕਾਰਨ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਐਮਰਜੈਂਸੀ, ਹਸਪਤਾਲ ਅੰਦਰ ਦਾਖਲ ਮਰੀਜ਼ਾਂ ਅਤੇ ਕੋਵਿਡ ਦੇ ਕੇਸਾਂ ਦਾ ਇਲਾਜ਼ ਚੱਲਦਾ ਰਿਹਾ। ਵੱਡੀ ਗਿਣਤੀ ਡਾਕਟਰਾਂ ਵੱਲੋਂ ਇੱਥੇ ਸੜਕ ਜਾਮ ਕਰਕੇ ਆਪਣੀਆਂ ਮੰਗਾਂ ਸਬੰਧੀ ਜਬਰਦਰਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਸੂਬਾ ਪੱਧਰੀ ਹੜ੍ਹਤਾਲ ਦੇ ਸੱਦੇ ਤਹਿਤ ਅੱਜ ਪੰਜਾਬ ਭਰ ਦੇ ਸਰਕਾਰੀ ਡਾਕਟਰ ਤਿੰਨ ਰੋਜ਼ਾ ਹੜ੍ਹਤਾਲ ਤੇ ਚਲ੍ਹੇ ਗਏ ਹਨ। ਡਾਕਟਰਾਂ ਦੀ ਹੜ੍ਹਤਾਲ ਦੇ ਚੱਲਦਿਆ ਭਾਵੇਂ ਅੱਜ ਮਰੀਜ਼ ਰਜਿੰਦਰਾ ਹਸਪਤਾਲ ਵਿਖੇ ਪੁੱਜੇ, ਪਰ ਉਨ੍ਹਾਂ ਨੂੰ ਖੱਜਲ ਖੁਆਰ ਹੋ ਕੇ ਵਾਪਸ ਮੁੜਨਾ ਪਿਆ। ਓਪੀਡੀ ਅੰਦਰ ਪਹੁੰਚਣ ਵਾਲੇ ਮਰੀਜ਼ਾਂ ਦੀ ਸਰਕਾਰੀ ਪਰਚੀ ਜ਼ਰੂਰ ਕੱਟੀ ਗਈ, ਪਰ ਅੱਗੇ ਓਪੀਡੀ ਵਿੱਚ ਚੈੱਕ ਕਰਨ ਵਾਲਾ ਕੋਈ ਵੀ ਡਾਕਟਰ ਨਹੀਂ ਸੀ। ਇਸ ਦੇ ਨਾਲ ਹੀ ਆਪਰੇਸ਼ਨ ਥੀਏਟਰ ਅਤੇ ਮੈਡੀਕਲ ਕਾਲਜ਼ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਪੂਰੀ ਤਰ੍ਹਾਂ ਬੰਦ ਰੱਖੀਆਂ ਗਈਆਂ।
ਦੱਸਣਯੋਗ ਹੈ ਕਿ ਰਜਿੰਦਰਾ ਹਸਪਤਾਲ ਅੰਦਰ ਰੋਜ਼ਾਨਾ ਸੈਂਕੜੇ ਮਰੀਜ਼ ਪਹੁੰਚਦੇ ਹਨ, ਪਰ ਹੁਣ ਤਿੰਨ ਦਿਨ ਇਨ੍ਹਾਂ ਮਰੀਜ਼ਾਂ ਨੂੰ ਡਾਕਟਰ ਨਹੀਂ ਮਿਲਣਗੇ। ਡਾਕਟਰਾਂ ਵੱਲੋਂ ਅੱਜ ਚੇਤਵਾਨੀ ਵੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਅਣਮਿੱਥੇ ਸਮੇਂ ਲਈ ਵੀ ਹੜ੍ਹਤਾਲ ‘ਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਐਮਰਜੈਸੀ ਕੇਸਾਂ ਅੰਦਰ ਵੀ ਸੇਵਾਵਾਂ ਜਾਰੀ ਰੱਖਣ ਦੀ ਗੱਲ ਆਖੀ ਗਈ ਹੈ। ਕੋਵਿਡ ਵਾਰਡਾਂ ਅੰਦਰ ਦਾਖਲ ਮਰੀਜ਼ਾਂ ਤੇ ਵੀ ਹੜ੍ਹਤਾਲ ਦਾ ਪ੍ਰਭਾਵ ਨਹੀਂ ਸੀ। ਪੰਜਾਬ ਸਟੇਟ ਮੈਡੀਕਲ ਅਤੇ ਡੈਂਟਲ ਟੀਚਰਜ਼ ਐਸੋਸੀਏਸ਼ਨ ਵੱਲੋਂ ਪੇ ਕਮਿਸ਼ਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਧਰਨਾ ਦਿੱਤਾ ਗਿਆ।