
ਮਾਨਸਾ, 23 ਜੂਨ(ਸਾਰਾ ਯਹਾਂ/ ਮੁੱਖ ਸੰਪਾਦਕ ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਵੱਲੋਂ ਗੁਲਾਬੀ ਸੁੰਡੀ ਦੇ ਖਦਸ਼ੇ ਤੋਂ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਣ ਲਈ ਜ਼ਿਲਾ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਬਲਾਕ ਝੁਨੀਰ ਅਤੇ ਮਾਨਸਾ ਦੇ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਉਨਾਂ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਦੂਲੋਵਾਲ ਵਿਖੇ ਕਿਸਾਨ ਪ੍ਰਗਟ ਸਿੰਘ ਦੀ ਨਰਮੇ ਫਸਲ ਦਾ ਨਿਰੀਖਣ ਕਰਦੇ ਸਮੇਂ ਨਰਮੇ ਦੀ ਫਸਲ ਦੇ ਕੁਝ ਕੁ ਫੁੱਲਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ ਸੀ, ਪ੍ਰੰਤੂ ਇਹ ਹਮਲਾ ਆਰਥਿਕ ਕਗਾਰ ਤੋਂ ਘੱਟ ਸੀ।
ਉਨਾਂ ਦੱਸਿਆ ਕਿ ਬਲਾਕ ਝੁਨੀਰ ਦੇ ਪਿੰਡਾਂ ਵਿੱਚ ਫਸਲ ਦਾ ਨਿਰੀਖਣ ਕਰਦੇ ਸਮੇਂ ਸਭ ਤੋਂ ਪਹਿਲਾਂ ਪਿੰਡ ਭੰਮੇ ਖੁਰਦ ਦੇ ਕਿਸਾਨ ਗੁਰਪ੍ਰੀਤ ਸਿੰਘ ਦੇ ਖੇਤ ਦੇ ਨਿਰੀਖਣ ਸਮੇਂ 40 ਫੁੱਲਾਂ ਪਿੱਛੇ 3-4 ਫੁੱਲਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ, ਜੋ ਕਿ ਆਰਥਿਕ ਕਗਾਰ ਤੋਂ ਹੇਠਾਂ ਪਾਇਆ ਗਿਆ। ਇਸੇ ਤਰਾਂ ਪਿੰਡ ਭਲਾਈਕੇ ਵਿਖੇ ਗੁਰਦੀਪ ਸਿੰਘ ਅਤੇ ਅਮਰੀਕ ਸਿੰਘ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ ਅਤੇ ਉਥੇ ਵੀ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਹੀ ਪਾਇਆ ਗਿਆ।
ਡਾਇਰੈਕਟਰ ਸ਼੍ਰੀ ਗੁਰਵਿੰਦਰ ਸਿੰਘ ਵੱਲੋਂ ਮੌਕੇ ’ਤੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਔੜ ਦੌਰਾਨ ਲੱਗੇ ਝੂਠੇ ਫੁੱਲਾਂ ਨੂੰ ਤੋੜ ਕੇ ਨਸ਼ਟ ਕਰ ਦਿੱਤਾ ਜਾਵੇ ਕਿਉਂਕਿ ਇਹਨਾਂ ਫੁੱਲਾਂ ਦਾ ਝਾੜ ’ਤੇ ਕੋਈ ਅਸਰ ਨਹੀ ਪੈਂਦਾ ਜਦੋਂ ਕਿ ਇਨਾਂ ਨੂੰ ਨਸ਼ਟ ਕਰਨ ਨਾਲ ਗੁਲਾਬੀ ਸੁੰਡੀ ਦੀ ਪਹਿਲੀ ਪੀੜੀ ਨੂੰ ਖਤਮ ਕਰਕੇ ਅਗਲੀ ਪੀੜੀ ਨੂੰ 80 ਗੁਣਾ ਤੱਕ ਘੱਟ ਕਰਦੇ ਹੋਏ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਨਰਮੇ ਦੀ ਫਸਲ ਦੇ ਅਗਲੇ ਆਉਣ ਵਾਲੇ ਪੂਰ ਨੂੰ ਬਚਾਇਆ ਜਾ ਸਕਦਾ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾਵੇ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲੇ ਵਿੱਚ ਜ਼ਿਲਾ ਪੱਧਰੀ, ਬਲਾਕ ਪੱਧਰੀ, ਪਿੰਡ ਪੱਧਰੀ ਸਰਵੇਲੈਂਸ ਟੀਮਾਂ ਵੱਲੋਂ ਨਿਰੰਤਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਸਮੇਂ-ਸਮੇਂ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਸਿਫਾਰਸਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਸੁਰੇਸ ਕੁਮਾਰ ਖੇਤੀਬਾੜੀ ਅਫਸਰ ਝੁਨੀਰ, ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਝੁਨੀਰ, ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਮਾਨਸਾ, ਡਾ. ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ (ਇੰਨਫੋ:) ਮਾਨਸਾ, ਹਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਝੁਨੀਰ ਤੋਂ ਇਲਾਵਾ ਇਲਾਕੇ ਦੇ ਕਿਸਾਨ ਮੌਜੂਦ ਸਨ।
