ਬੁਢਲਾਡਾ 15 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਅਤੇ ਜ਼ਿਲ੍ਹਾ ਐਪੀਡੌਮੋਲੋਜਿਸਟ ਸੰਤੋਸ਼ ਭਾਰਤੀ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸਿਹਤ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਅੱਜ ਮਿਤੀ 15/5/2024 ਬਲਾਕ ਬੁਢਲਾਡਾ ਦੇ ਸੈਕਟਰ ਬਰ੍ਹੇ ਅਧੀਨ ਪੈਂਦੇ ਪਿੰਡਾਂ ਅਹਿਮਦਪੁਰ ਅਤੇ ਟਾਹਲੀਆਂ ਵਿਖੇ ਨੈਸ਼ਨਲ ਡੇਂਗੂ ਦਿਵਸ 16 ਮਈ ਤਹਿਤ ਸਿਹਤ ਕਰਮਚਾਰੀਆਂ ਕ੍ਰਿਸ਼ਨ ਕੁਮਾਰ ਅਤੇ ਰਾਹੁਲ ਕੁਮਾਰ ਵੱਲੋਂ ਪਿੰਡਾਂ ਦੇ ਟੋਬਿਆਂ ‘ਚ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ। ਹੈਲਥ ਸੁਪਰਵਾਈਜਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਇੱਕ ਮੱਛੀ ਤਕਰੀਬਨ 200 ਤੋਂ ਵੱਧ ਆਂਡੇ ਇੱਕੋ ਸਮੇਂ ਦਿੰਦੀ ਹੈ। ਇਹ ਮੱਛੀ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰ ਦੇ ਲਾਰਵੇ ਨੂੰ ਭੋਜਨ ਦੇ ਰੂਪ ‘ਚ ਖਾਂਦੀ ਹੈ ਅਤੇ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਕਾਫੀ ਹੱਦ ਤੱਕ ਲੋਕਾਂ ਨੂੰ ਬਚਾਉਣ ਵਿੱਚ ਸਹਾਈ ਹੁੰਦੀ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡੇਂਗੂ/ਮਲੇਰੀਏ ਦੇ ਬਚਾਅ ਲਈ ਆਪਣੇ ਆਲੇ-ਦੁਆਲੇ ਦੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਆਪਣੀਆਂ ਛੱਤਾਂ ‘ਤੇ ਪਏ ਵਾਧੂ ਸਮਾਨ ਨੂੰ ਇਸ ਤਰ੍ਹਾਂ ਰੱਖੋ ਕਿ ਉਨ੍ਹਾਂ ਵਿੱਚ ਬਰਸਾਤਾਂ ਦਾ ਪਾਣੀ ਇੱਕਠਾ ਨਾ ਹੋਵੇ ਹਫਤੇ ਵਿੱਚ ਇੱਕ ਵਾਰ ਜਰੂਰ ਫਰਿੱਜ ਦੇ ਪਿਛਲੇ ਪਾਸੇ ਵਾਧੂ ਪਾਣੀ ਵਾਲੀ ਟਰੇਅ ਨੂੰ ਸਾਫ਼ ਰੱਖੋ।
ਸਿਹਤ ਕਰਮਚਾਰੀ ਰਾਹੁਲ ਕੁਮਾਰ ਨੇ ਕਿਹਾ ਕਿ ਮਲੇਰੀਆ ਦੇ ਮੁੱਖ ਲੱਛਣਾਂ ਦੀ ਗੱਲ ਕਰੀਏ ਤਾਂ ਵਿਅਕਤੀ ਨੂੰ ਤੇਜ ਬੁਖਾਰ ਦੇ ਨਾਲ ਬਹੁਤ ਜਿਆਦਾ ਕੰਬਣੀ ਛਿੜਦੀ ਹੈ, ਅਜਿਹੇ ਹਾਲਾਤ ਪੈਦਾ ਹੋਣ ‘ਤੇ ਵਿਅਕਤੀ ਨੂੰ ਸਮਾਂ ਨਾ ਗਵਾਉਂਦਿਆਂ ਹੋਇਆ ਆਪਣੇ ਨਜਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਮਲੇਰੀਆ ਟੈਸਟ ਕਰਵਾਉਣ ਦੇ ਨਾਲ-ਨਾਲ ਆਪਣਾ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿਖੇ ਮਲੇਰੀਆ ਦਾ ਟੈਸਟ ਅਤੇ ਇਲਾਜ ਪੂਰੀ ਤਰ੍ਹਾਂ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਕੱਲ੍ਹ ਦੇ ਮੌਸਮ ਦੌਰਾਨ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਰਾਤ ਸਮੇਂ ਸੌਣ ਵੇਲੇ ਮੱਛਰਦਾਨੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਪਿੰਡਾਂ ਦੇ ਮੋਹਤਬਰ ਵਿਅਕਤੀ ਅਤੇ ਗੋਰਾਲਾਲ ਕੌਰ ਏ ਐਨ ਐਮ ਹਾਜ਼ਰ ਸਨ।