*ਟੂਰਨਾਮੈਂਟ ਵਿਚ ਅੰਡਰ-14,17,19 ਦੇ ਸਮੂਹਾਂ ਵਿੱਚ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ*

0
13

ਮਾਨਸਾ, 22 ਜੁਲਾਈ:-(ਸਾਰਾ ਯਹਾਂ/ਮੁੱਖ ਸੰਪਾਦਕ ):

ਖੇਡਾਂ ਦੇ ਮੁੱਖ ਮੰਤਵ ‘ਮਨੁੱਖ ਦਾ ਸਰਵਪੱਖੀ ਵਿਕਾਸ’ ਨੂੰ ਧਿਆਨ ਵਿੱਚ ਰੱਖਦਿਆਂ ਆਈ.ਸੀ.ਐਸ.ਈ. ਬੋਰਡ ਵੱਲੋਂ ਹਰ ਸਾਲ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਦੇ ਜ਼ੋਨਲ ਵਾਲੀਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਮਾਨਸਾ ਜ਼ਿਲ੍ਹੇ ਦੇ ਇਕਲੌਤੇ ਆਈ.ਸੀ.ਐਸ.ਈ. ਬੋਰਡ ਦੇ ਸਕੂਲ “ਦਾ ਰੈਨੇਸਾਂ ਸਕੂਲ” ਨੇ ਕੀਤੀ, ਜਿਸ ਵਿੱਚ ਸਮੁੱਚੇ ਮੋਗਾ ਜ਼ੋਨ ਦੇ ਆਈ.ਸੀ.ਐਸ.ਈ. ਬੋਰਡ ਦੇ ਸਕੂਲਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਮੋਗਾ ਜ਼ੋਨ ਦੇ ਖੇਡਾਂ ਦੇ ਕੋਆਰਡੀਨੇਟਰ ਸਰਦਾਰ ਸਿਮਰਨਜੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਖਿਡਾਰੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ, ਉੱਥੇ ਹੀ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਸਿਖਾਉਂਦੀਆਂ ਹਨ।
ਟੂਰਨਾਮੈਂਟ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਸਮੂਹਾਂ ਵਿੱਚ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ U-14 ਕੁੜੀਆਂ,  U-14 ਮੁੰਡੇ, U-17 ਮੁੰਡੇ ਤੇ U-19 ਕੁੜੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਅਤੇ U-17 ਕੁੜੀਆਂ  ਤੇ U-19 ਮੁੰਡਿਆਂ ਦੀਆਂ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ।


 ਅੰਡਰ -14 ਕੁੜੀਆਂ ਦੀ ਟੀਮ ਕਪਤਾਨ ਬਰਿੰਦਰ ਕੌਰ, ਅੰਡਰ-14 ਮੁੰਡਿਆਂ ਦੀ ਟੀਮ ਦੇ ਕਪਤਾਨ ਅਭੈਵੀਰ ਸਿੰਘ, ਅੰਡਰ-17 ਮੁੰਡਿਆਂ ਦੀ ਟੀਮ ਦੇ ਕਪਤਾਨ ਮਹਿਕਦੀਪ ਸਿੰਘ ਅਤੇ ਅੰਡਰ-19 ਟੀਮ ਦੀ ਕਪਤਾਨ ਪਰਵੀਨ ਕੌਰ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਮਨਪ੍ਰੀਤ ਸਿੰਘ ਦੇ ਸਿਰ ਬੰਨ੍ਹਿਆ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਹੁਣ ਰੀਜ਼ਨਲ ਟੂਰਨਾਮੈਂਟ ਲਈ ਬਰਿੰਗ ਸਕੂਲ, ਬਟਾਲਾ ਵਿਖੇ ਖੇਡਣਗੀਆਂ ਜਿੱਥੇ ਉਹ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਅਤੇ ਚੰਡੀਗੜ੍ਹ ਦੀਆਂ ਟੀਮਾਂ ਨਾਲ ਮੁਕਾਬਲਾ ਕਰਨਗੀਆਂ।
 ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਜੀ ਨੇ ਸਕੂਲ ਦੀ ਖੇਡ ਪਾਲਿਸੀ ਨੂੰ ਸਾਂਝਾ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਦੀ ਸਫ਼ਲਤਾ ਜ਼ਮੀਨੀ ਪੱਧਰ ‘ਤੇ ਖੇਡਾਂ ਵਿੱਚ ਨਿਵੇਸ਼ ਦੀ ਮਹੱਤਤਾ ਦਾ ਸਬੂਤ ਹੈ। ਸਕੂਲਾਂ ਵਿੱਚ ਅਜਿਹੇ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਨਾਲ ਨੌਜਵਾਨਾਂ ਵਿੱਚ ਸਰੀਰਕ ਤੰਦਰੁਸਤੀ, ਮਾਨਸਿਕ ਚੁਸਤੀ ਅਤੇ ਸਿਹਤਮੰਦ ਮੁਕਾਬਲੇ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਅਖੀਰ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਜੀ ਨੇ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆ ਭਵਿੱਖ ਵਿੱਚ ਵੀ ਖੇਡ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਖੇਡਾਂ ਵਿੱਚ ਵਧ ਚੜਕੇ ਹਿੱਸਾ ਲੈਣ ਲਈ ਪ੍ਰੇਰਿਤ  ਕੀਤਾ।

LEAVE A REPLY

Please enter your comment!
Please enter your name here