ਮਾਨਸਾ, 24 ਦਸੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ. ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਨਸਾ ਵਿਖੇ 7 ਦਸੰਬਰ 2024 ਤੋਂ 24 ਮਾਰਚ 2025 ਤੱਕ 100 ਦਿਨਾਂ ਲਈ ਟੀ.ਬੀ. ਮੁਹਿੰਮ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਜਿਲੇ ਦੀਆਂ ਸਮੂਹ ਸੀ.ਐਚ.ਓ. ਨੂੰ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਵਿੱਚ ਡਾ. ਪਰਮਜੀਤ ਸਿੰਘ ਡਬਲਯੂ.ਐਚ.ਓ. ਦੇ ਕੰਸਲਟੈਂਟ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ।
ਇਸ ਮੌਕੇ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਮੁਹਿੰਮ ਦਾ ਟੀਚਾ ਟੀ.ਬੀ.ਦੇ ਕੇਸਾਂ ਦੀ ਹੋਰ ਭਾਲ ਅਤੇ ਟੀ.ਬੀ. ਦੇ ਨਾਲ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਸਾਰੇ ਸ਼ੱਕੀ ਮਰੀਜਾਂ ਦੀ ਜਾਂਚ ਅਤੇ ਪਾਜਿਟਿਵ ਪਾਏ ਗਏ ਮਰੀਜ਼ਾਂ ਦਾ ਇਲਾਜ ਕਰਵਾਇਆ ਜਾਵੇਗਾ। ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਟੀ.ਬੀ. ਦੇ ਲੱਛਣਾਂ ਦੀ ਜਾਂਚ ਕਰਨ ਅਤੇ ਸ਼ੱਕੀ ਮਰੀਜ਼ ਦੀ ਸਕਰੀਨਿੰਗ ਕਰਨ ਲਈ ਦੌਰਾ ਕਰਨਗੀਆਂ।
ਟੀ.ਬੀ.ਦੀ ਬਿਮਾਰੀ ਤੋਂ ਬਚਾਅ ਸਬੰਧੀ ਉਪਾਅ ਦੱਸਦਿਆਂ ਉਨ੍ਹਾਂ ਕਿਹਾ ਕਿ ਟੀ.ਬੀ. ਦੇ ਮਰੀਜ਼ ਨੂੰ ਖੰਘਦੇ, ਛਿੱਕਦੇ ਹੋਏ ਹਮੇਸ਼ਾ ਮੂੰਹ ’ਤੇ ਕੱਪੜਾ ਰੱਖਣਾ ਚਾਹੀਦਾ ਹੈ ,ਪੋਸਟਿਕ ਅਹਾਰ ਖਾਣਾ ਚਾਹੀਦਾ ਹੈ, ਜੰਕ ਫੂਡ ਨਹੀਂ ਖਾਣਾ ਚਾਹੀਦਾ, ਜੇਕਰ ਕਿਸੇ ਦੇ ਘਰ ਵਿੱਚ ਕੋਈ ਟੀ.ਬੀ. ਦਾ ਮਰੀਜ਼ ਹੈ ਤਾਂ ਉਸ ਟੀ.ਬੀ.ਦੇ ਮਰੀਜ਼ ਨੂੰ ਦਵਾਈ ਦਾ ਕੋਰਸ ਪੂਰਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਘਰ ਦੇ ਬਾਕੀ ਮੈਂਬਰ ਟੀ.ਬੀ. ਤੋਂ ਬਚ ਸਕਣ। ਉਨ੍ਹਾਂ ਦੱਸਿਆ ਟੀ.ਬੀ. ਦਾ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਹ ਇਲਾਜ ਘੱਟੋ ਘੱਟ ਛੇ ਮਹੀਨੇ ਚੱਲਦਾ ਹੈ ਇਲਾਜ ਪੂਰਾ ਨਾ ਕਰਨ ਦੀ ਹਾਲਤ ਵਿੱਚ ਇਸ ਬਿਮਾਰੀ ਦੀ ਗੰਭੀਰਤਾ ਵੱਧ ਸਕਦੀ ਹੈ।
ਜ਼ਿਲ੍ਹਾ ਟੀ.ਬੀ ਅਫ਼ਸਰ ਡਾ: ਨਿਸੀ ਸੂਦ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ, ਪਿੰਡ ਪੱਧਰ ’ਤੇ ਅਤੇ ਪਬਲਿਕ ਥਾਂਵਾਂ ਉੱਤੇ ਜਾ ਕੇ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭੁੱਖ ਨਾ ਲੱਗਣਾ, ਭਾਰ ਘਟਣਾ, ਸ਼ਾਮ ਵੇਲੇ ਮਿੰਨਾ ਮਿੰਨਾ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਗੰਢ ਦਾ ਹੋਣਾ, ਲੰਬੇ ਸਮੇਂ ਤੋਂ ਸਿਰ ਦਰਦ ਪਿੱਠ ਦਰਦ ਜਾਂ ਪੇਟ ਦਰਦ ਦਾ ਹੋਣਾ, ਛਾਤੀ ਵਿੱਚ ਦਰਦ ਜਾਂ ਥੁੱਕ ਵਿੱਚ ਖ਼ੂਨ ਆਉਣ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਟੀ.ਬੀ. ਦੀ ਜਾਂਚ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹੇ ਦੇ ਸਮੂਹ ਸੀ.ਐਚ.ਓਜ਼, ਅਵਤਾਰ ਸਿੰਘ ਜ਼ਿਲਾ ਪ੍ਰੋਗਰਾਮ ਮੈਨੇਜਰ, ਸੁਰਿੰਦਰ ਕੁਮਾਰ ਐਸ.ਟੀ.ਐਸ, ਹਰਸਿਮਰਨ ਜੀਤ ਸਿੰਘ, ਗੁਰਸੇਵਕ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀ- ਕਰਮਚਾਰੀ ਵੀ ਮੌਜੂਦ ਸਨ।