ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ ) : IMA ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਹੈ ਸੰਯੁਕਤ ਰਾਸ਼ਟਰ ਨੇ 2030 ਤੱਕ ਦੁਨੀਆਂ ਵਿੱਚੋਂ ਟੀ ਬੀ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਹੈ ਪਰ 2020 ਵਿਚ ਭਾਰਤ ਸਰਕਾਰ ਨੇ ਆਪਣੇ ਰਾਸ਼ਟਰੀ ਟੀ ਬੀ ਐਲੀਮੀਨੇਸ਼ਨ ਪ੍ਰੋਗਰਾਮ ਦੌਰਾਨ 2025 ਤੱਕ ਦੇਸ਼ ਵਿੱਚੋਂ ਟੀ ਬੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਦਿਨ ਤਪਦਿਕ ਦੀ ਬਿਮਾਰੀ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਸ਼ਵ ਭਰ ਵਿੱਚ ਤਪਦਿਕ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੇ ਯਤਨਾਂ ਨੂੰ ਉਤਸਾਹਿਤ ਕਰਨ ਲਈ ਮਨਾਇਆ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਤਪਦਿਕ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਭਾਰਤ ਵਿਚ ਲੱਗਭਗ 25 ਲੱਖ ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ। ਇਹ ਬੀਮਾਰੀ ਭਾਰਤ ਵਿਚ ਇੱਕ ਵੱਡੀ ਸਿਹਤ ਸਮੱਸਿਆ ਹੈ ਜਿਸ ਕਾਰਨ ਹਰ ਸਾਲ ਲੱਗਭਗ 2 ਲੱਖ 20 ਹਜਾਰ ਮੌਤਾਂ ਹੁੰਦੀਆਂ ਹਨ।
ਟੀ ਬੀ ਯਾਨੀਕਿ ਟਿਊਬਰ ਕਲੋਸਿਸ, ਜਿਸ ਨੂੰ ਅਸੀਂ ਪੰਜਾਬੀ ਵਿੱਚ ਤਪਦਿਕ ਦੀ ਬਿਮਾਰੀ ਵੀ ਕਹਿੰਦੇ ਹਾਂ। ਇਹ ਇੱਕ ਛੂਤ ਦੀ ਬੀਮਾਰੀ ਹੈ। ਇਹ ਬੀਮਾਰੀ ਮਾਇਕੋ ਬੈਕਟੀਰੀਅਮ ਟਿਊਬਰ ਕਲੋਸਿਸ ਨਾਮ ਦੇ ਬੈਕਟੀਰੀਆ ਤੋਂ ਹੁੰਦੀ ਹੈ। ਜਿਹੜੀ ਕਿ ਟੀਵੀ ਦੇ ਮਰੀਜ਼ ਤੋਂ ਆਪਣੇ ਆਲੇ ਦੁਆਲੇ ਦੇ ਲੋਕਾਂ ਵਿਚ ਫੈਲ ਸਕਦੀ ਹੈ। ਅਗਰ ਅਸੀਂ ਸਮੇਂ ਸਿਰ ਇਸ ਦੀ ਜਾਂਚ ਕਰਵਾ ਕੇ ਟੀ ਬੀ ਦੀ ਬੀਮਾਰੀ ਦਾ ਪਤਾ ਲਗਾ ਸਕੀਏ ਤਾਂ ਕੁਝ ਦੇਰ ਸਮੇਂ ਬਾਅਦ ਉਸ ਮਰੀਜ਼ ਤੋਂ ਇਸ ਬੀਮਾਰੀ ਦੇ ਫੈਲਣ ਦੀ ਸੰਭਾਵਨਾ ਖ਼ਤਮ ਕਰ ਸਕਦੇ ਹਾਂ ਅਤੇ ਟੀ ਬੀ ਦਾ ਪੂਰਨ ਇਲਾਜ ਸੰਭਵ ਹੋ ਸਕਦਾ ਹੈ।
ਅਗਰ ਸਮੇਂ ਸਿਰ ਜਾਂਚ ਨਾ ਹੋਵੇ ਅਤੇ ਬਿਮਾਰੀ ਦਾ ਪਤਾ ਸਮਾਂ ਲੰਘਣ ਤੋਂ ਪਿੱਛੋਂ ਪਤਾ ਲੱਗੇ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਵੈਸੇ ਤਾਂ ਟੀ ਬੀ ਫੇਫੜੇ, ਦਿਮਾਗ, ਪੇਟ, ਹੱਡੀਆਂ ਆਦਿ ਵਿੱਚ ਹੋ ਸਕਦੀ ਹੈ ਪਰ ਸਾਡੇ ਦੇਸ਼ ਵਿਚ ਬੀੜੀ ਸਿਗਰੇਟ ਆਦਿ ਪੀਣ ਵਾਲੇ ਲੋਕ ਇਸ ਬਿਮਾਰੀ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ।
ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਹਲਕੇ ਤੋਂ ਤੇਜ਼ ਬੁਖ਼ਾਰ, ਭੁੱਖ ਘੱਟ ਲੱਗਣਾ, ਭਾਰ ਘਟਣਾ, ਥਕਾਵਟ, ਥੁੱਕ ਵਿੱਚ ਖੂਨ ਆਉਣਾ ਆਦਿ ਨਿਸ਼ਾਨੀਆਂ ਕਿਸੇ ਫੇਫੜਿਆਂ ਦੀ ਟੀ ਬੀ ਦੇ ਮਰੀਜ਼ ਦੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਲੰਬੇ ਸਮੇਂ ਤੋਂ ਲੈਟਰਿੰਗ ਦਾ ਬਾਰ ਬਾਰ ਆਉਣਾ, ਲੈਟਰਿੰਗ ਵਿਚ ਖੂਨ ਆਉਣਾ ਅੰਤੜੀਆਂ ਦੀ ਟੀ ਬੀ ਵੱਲ ਇਸ਼ਾਰਾ ਕਰ ਸਕਦੀ ਹੈ। ਲੰਮੇ ਸਮੇਂ ਤੋਂ ਬੁਖ਼ਾਰ, ਲੰਮੇ ਸਮੇਂ ਸਿਰ ਦਰਦ, ਦੌਰੇ, ਬੇਹੋਸ਼ੀ ਆਦਿ ਦਿਮਾਗ ਦੀ ਟੀ ਬੀ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ।
ਸਰਕਾਰ ਵੱਲੋਂ ਨੈਸ਼ਨਲ ਟੀ ਬੀ ਐਲੀਮੀਨੇਸ਼ਨ ਪ੍ਰੋਗਰਾਮ ਅਧੀਨ ਟੀ ਬੀ ਦੀ ਸਾਰੀ ਦਵਾਈ ਸਰਕਾਰੀ ਹਸਪਤਾਲ ਵਿੱਚ ਮੁਫਤ ਮਿਲਦੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਰੇ ਪ੍ਰਾਈਵੇਟ ਡਾਕਟਰ ਵੱਲੋਂ ਟੀਬੀ ਦੀ ਬਿਮਾਰੀ ਦੀ ਜਾਂਚ ਕਰਨ ਪਿੱਛੋਂ ਇਹ ਦਵਾਈ ਸਰਕਾਰੀ ਹਸਪਤਾਲ ਵਿਚੋਂ ਮੁਫ਼ਤ ਦਵਾਈ ਜਾਂਦੀ ਹੈ।
ਸੋ ਤੁਹਾਡੇ ਆਪਣੇ ਜਾਂ ਆਲੇ ਦੁਆਲੇ ਵਿੱਚ ਕਿਸੇ ਨੂੰ ਇਹ ਨਿਸ਼ਾਨੀਆਂ ਹੋਣ ਤਾਂ ਆਪਣੇ ਡਾਕਟਰ ਕੋਲ ਜਾ ਕੇ ਜਾਂਚ ਕਰਵਾ ਕੇ ਜਲਦੀ ਤੋਂ ਜਲਦੀ ਇਲਾਜ਼ ਕਰਵਾ ਸਕਦੇ ਹੋ ਤਾਂ ਜੋ ਕਿ ਟੀ ਬੀ ਨਾਲ ਸਰੀਰ ਦੇ ਅੰਦਰ ਜਿਆਦਾ ਨੁਕਸਾਨ ਹੋ ਕੇ ਬਿਮਾਰੀ ਨੂੰ ਵਿਗੜਨ ਤੋਂ ਬਚਿਆ ਜਾ ਸਕੇ।
ਟੀ ਬੀ ਦੇ ਮਰੀਜ਼ ਨੂੰ ਹਾਈਪ੍ਰੋਟੀਨ ਡਾਈਟ ਜਿਵੇਂ ਕਿ ਅੰਡਾ, ਦਹੀ, ਲੱਸੀ, ਛੋਲੇ, ਰਾਜਮਾਂਹ ਅਤੇ ਸੋਇਆਬੀਨ ਆਦਿ, ਹਰੇ ਪੱਤੇ ਵਾਲਿਆ ਸਬਜ਼ੀਆਂ ਅਤੇ ਫਲ-ਫਰੂਟ, ਭਰਪੂਰ ਮਾਤਰਾ ਵਿਚ ਪਾਣੀ ਆਦਿ ਜਰੂਰ ਦੇਣਾ ਚਾਹੀਦਾ ਹੈ। ਜਿੰਨੀ ਦੇਰ ਤੱਕ ਮਰੀਜ਼ ਦੀ ਬਿਮਾਰੀ ਫੈਲਾਉਣ ਦਾ ਡਰ ਰਹਿੰਦਾ ਹੈ, ਉਹਨੀ ਦੇਰ ਮਾਸਕ ਪਾ ਮਰੀਜ਼ ਤੋਂ ਬੱਚਤ ਰੱਖਣੀ ਬਹੁਤ ਜਰੂਰੀ ਹੈ।