*ਟੀ.ਬੀ. ਜਾਗਰੂਕਤਾ ਮੁਹਿੰਮ ਦਾ ਮੰਤਵ ਟੀ.ਬੀ.ਦੇ ਕੇਸਾਂ ਦੀ ਭਾਲ ਅਤੇ ਮੌਤ ਦਰ ਨੂੰ ਘੱਟ ਕਰਨਾ ਹੈ-ਵਿਧਾਇਕ ਵਿਜੈ ਸਿੰਗਲਾ*

0
21
???????

ਮਾਨਸਾ, 7 ਦਸੰਬਰ :(ਸਾਰਾ ਯਹਾਂ/ਮੁੱਖ ਸੰਪਾਦਕ):
ਸਿਹਤ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮਾਨਸਾ ਵਿਖੇ 7 ਦਸੰਬਰ ਤੋਂ 24 ਮਾਰਚ 2025 ਤੱਕ 100 ਦਿਨਾਂ ਲਈ ਟੀ.ਬੀ. ਕੰਪੇਨ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ। ਜਿਸ ਦਾ ਆਗਾਜ਼ ਵਿਧਾਇਕ ਹਲਕਾ ਮਾਨਸਾ ਡਾ. ਵਿਜੈ ਸਿੰਗਲਾ ਨੇ ਹਰੀ ਝੰਡੀ ਦੇ ਕੇ ਕੀਤਾ।
ਇਸ ਮੌਕੇ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਇਹ ਟੀ.ਬੀ. ਪ੍ਰੋਗਰਾਮ ਮਾਨਸਾ ਜ਼ਿਲ੍ਹੇ ਅੰਦਰ ਦਸੰਬਰ 2004 ਤੋਂ ਸ਼ੁਰੂ ਹੋਇਆ ਅਤੇ ਹੁਣ ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 19 ਹਜ਼ਾਰ ਤੋਂ ਵਧੇਰੇ ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਟੀ.ਬੀ.ਦੇ ਕੇਸਾਂ ਦੀ ਹੋਰ ਭਾਲ ਅਤੇ ਟੀ.ਬੀ. ਦੇ ਨਾਲ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ। ਇਸ ਕੰਪੇਨ ਅਧੀਨ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਗਠਿਤ ਟੀਮਾਂ ਸਲੱਮ ਏਰੀਆ, ਬਜ਼ੁਰਗ ਜਾਂ ਹੋਰ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦੀ ਸਕਰੀਨਿੰਗ ਕਰਵਾ ਕੇ ਅਤੇ ਮੁਫ਼ਤ ਐਕਸਰੇ, ਸੀ.ਬੀ.ਨਾਟ ਅਤੇ ਟਰੂ ਨਾਟ ਟੈਸਟ ਕੀਤੇ ਜਾਣਗੇ। ਇਨ੍ਹਾਂ ਟੈਸਟਾਂ ਤੋਂ ਬਾਅਦ ਜਿਸ ਵਿਅਕਤੀ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ, ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ 7 ਦਸੰਬਰ ਤੋਂ 24 ਮਾਰਚ 2025 ਤੱਕ ਚੱਲਣ ਵਾਲੀ ਇਸ 100 ਰੋਜ਼ਾ ਟੀ.ਬੀ. ਮੁਹਿੰਮ ਤਹਿਤ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸ਼ੂਗਰ ਦੇ ਮਰੀਜ਼, ਐਚ.ਆਈ.ਵੀ.ਪਾਜਿਟੀਵ ਮਰੀਜ਼, ਡਾਇਲਸਿਸ ਮਰੀਜ਼, ਜੇਲ੍ਹਾਂ, ਸਮੋਕਰ, ਫੈਕਟਰੀ ਵਰਕਰ ਅਤੇ ਟੀ.ਬੀ. ਦੇ ਮਰੀਜ਼ ਦੇ ਸੰਪਰਕ ਵਿੱਚ ਆਉਂਦੇ ਬੱਚੇ ਅਤੇ ਬਜ਼ੁਰਗ ਆਦਿ ਦੇ ਟੈਸਟ ਕਰਵਾਏ ਜਾਣਗੇ ਅਤੇ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ ਦਾ ਡਾਕਟਰ ਦੀ ਸਲਾਹ ਅਨੁਸਾਰ ਬਣਦਾ ਟੀ.ਬੀ. ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਕੋਈ ਅੱਜ ਦੀ ਬਿਮਾਰੀ ਨਹੀਂ ਬਲਕਿ ਬਹੁਤ ਪੁਰਾਣੀ ਬਿਮਾਰੀ ਹੈ ,ਇਹ ਬਿਮਾਰੀ ਇੱਕ ਬੈਕਟੀਰੀਆ ਕਰਕੇ ਹੁੰਦੀ ਹੈ ਜਿਸ ਦੀ ਖੋਜ ਰੋਬਰਟ ਕੋਕ ਨੇ ਸੰਨ 1982 ਵਿੱਚ ਕੀਤੀ। ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਟੀ.ਬੀ ਦੇ ਲੱਛਣਾਂ ਦੀ ਜਾਂਚ ਕਰਨ ਲਈ ਹਰ ਘਰ ਜਾ ਕੇ ਸ਼ੱਕੀ ਮਰੀਜ਼ ਨੂੰ ਸਕਰੀਨਿੰਗ ਕਰਨ ਲਈ ਦੌਰਾ ਕਰਨਗੀਆਂ ਅਤੇ ਮੁੱਫ਼ਤ ਜਾਂਚ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੀਆਂ।
          ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਨਿਸੀ ਸੂਦ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ , ਪਿੰਡ ਪੱਧਰ ਅਤੇ ਜਨਤਕ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ 2 ਹਫ਼ਤਿਆਂ ਤੋਂ ਵੱਧ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟਣਾ, ਸ਼ਾਮ ਵੇਲੇ ਹਲਕਾ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਗੰਢ ਦਾ ਹੋਣਾ, ਲੰਬੇ ਸਮੇਂ ਤੋਂ ਸਿਰ ਦਰਦ, ਪਿੱਠ ਦਰਦ ਜਾਂ ਪੇਟ ਦਰਦ ਦਾ ਹੋਣਾ, ਛਾਤੀ ਵਿੱਚ ਦਰਦ ਜਾਂ ਥੁੱਕ ਵਿੱਚ ਖ਼ੂਨ ਆਉਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਟੀ.ਬੀ. ਦੀ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਰੋਟਰੀ ਕਲੱਬ ਰੋਇਲ ਵੱਲੋਂ ਪ੍ਰੇਮ ਅਗਰਵਾਲ, ਰੋਟਰੀ ਕਲੱਬ ਗਰੇਟਰ ਵੱਲੋਂ ਦਿਨੇਸ਼ ਕੁਮਾਰ ਰਿੰਪੀ ਅਤੇ ਪ੍ਰਦੀਪ ਗਰਗ, ਮਨੀਸ਼ ਗੋਇਲ, ਮਨਜੀਤ ਸਿੰਘ, ਡਾ ਵਰੁਣ ਮਿੱਤਲ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਸੁਰਿੰਦਰ ਕੁਮਾਰ ਐਸ.ਟੀ.ਐਸ, ਹਰਸਿਮਰਨਜੀਤ ਸਿੰਘ, ਗੁਰਸੇਵਕ ਸਿੰਘ, ਸਵਿਤਾ ਕੰਪਿਊਟਰ ਅਪਰੇਟਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here