
ਮਾਨਸਾ, 5 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਲਈ ਰਾਜੀਵ ਗਾਂਧੀ ’ਤੇ ਕੀਤੇ ਕਾਤਲਾਨੇ ਹਮਲੇ ਦੀ ਦਾਸਤਾਨ ‘ਰਾਜਘਾਟ ’ਤੇ ਹਮਲਾ’ ਕਿਤਾਬ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੂੰ ਪਿੰਡ ਟਿੱਬੀ ਹਰੀ ਸਿੰਘ ਵਾਲੀ ਦੀ ਸੰਗਤ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਿਰਪਾਓ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਗਰੰਥੀ ਭਾਈ ਕਰਨ ਸਿੰਘ ਝੰਡੂਕੇ ਨੇ ਇਕੱਤਰ ਸੰਗਤ ਨੂੰ ਅਪੀਲ ਕੀਤੀ ਕਿ ਬੀਤੇ ਜੁਝਾਰੂ ਇਤਿਹਾਸ ਤੋਂ ਜਾਣੂ ਹੋਣ ਲਈ ਹਰ ਇਕ ਨੌਜਵਾਨ ਇਸ ਕਿਤਾਬ ਨੂੰ ਪੜ੍ਹਨ। ਉਹਨਾਂ ਕਿਹਾ ਕਿ ਕੌਮ ਦੇ ਮਹਾਨ ਪਰ ਅਣਗੋਹਲੇ ਯੋਧੇ ਭਾਈ ਕਰਮਜੀਤ ਸਿੰਘ ਸੁਨਾਮ ’ਤੇ ਇਕ ਇਤਿਹਾਸਕ ਦਸਤਾਵੇਜ਼ ਲਿਖ ਕੇ ਬਲਜਿੰਦਰ ਸਿੰਘ ਕੋਟਭਾਰਾ ਨੇ ਇਕ ਕੌਮੀ ਕਾਰਜ ਨਿਭਾਇਆ ਹੈ, ਜਿਸ ਦਾ ਸੰਗਤ ਨੂੰ ਸਵਾਗਤ ਕਰਨਾ ਚਾਹੀਦਾ ਹੈ। ਕੋਟਫ਼ੱਤਾ ਬਲੀ ਕਾਂਡ ਦੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਨੂੰ ਵੀ ਸਿਰਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਦਲ ਖ਼ਾਲਸਾ ਦੇ ਆਗੂ ਭਾਈ ਰਾਜਵਿੰਦਰ ਸਿੰਘ ਰਾਜਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਾਗਰ ਸਿੰਘ, ਸਰਦੂਲ ਸਿੰਘ, ਗਮਦੂਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜਰ ਸਨ।
