ਮਾਨਸਾ, 08 ਮਈ (ਸਾਰਾ ਯਹਾ,ਬਲਜੀਤ ਸ਼ਰਮਾ) : ਸਾਲ 2020 ਦੇ ਸ਼ੁਰੂ ਹੋਣ ’ਤੇ ਹੀ ਮਾਰੂਥਲ ਟਿੱਡੀ ਦਲ ਭਾਰਤ ਸਮੇਤ ਬਹੁਤ ਸਾਰੇ ਮੂਲਕਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ, ਮੱਧ ਪੂਰਬੀ ਦੇਸ਼ਾਂ ਅਤੇ ਭਾਰਤ ਪੱਖੋ ਇਸਦੇ ਦੱਖਣੀ ਈਰਾਨ ਅਤੇ ਪਾਕਿਸਤਾਨ ਵਿੱਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੂਲਕ ਦੇ ਸਰਹੱਦੀ ਸੂਬਿਆਂ, ਰਾਜਸਥਾਨ, ਪੰਜਾਬ ਅਤੇ ਗੁਜਰਾਤ ਦੀ ਖੇਤੀ ਅਤੇ ਬਨਸਪਤੀ ਲਈ ਚਣੌਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਨੇ ਦੱਸਿਆ ਕਿ ਟਿੱਡਿਆਂ ਦੇ ਹਮਲੇ ਦੀ ਰੋਕਥਾਮ ਲਈ ਜ਼ਿਲ੍ਹਾ ਮਾਨਸਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਦੇ ਜਿਲ੍ਹਾ ਪੱਧਰ ਦੇ ਇੰਚਾਰਜ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਜੀਤ ਸਿੰਘ 95695-30627, ਬਲਾਕ ਮਾਨਸਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਜਿੰਦਰ ਸਿੰਘ 98775-07879, ਬਲਾਕ ਭੀਖੀ ਡਾ. ਜਰਮਨਜੋਤ ਸਿੰਘ 98159-88986, ਬਲਾਕ ਬੁਢਲਾਡਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਵੀਰ ਸਿੰਘ 94657-31842, ਬਲਾਕ ਝੁਨੀਰ ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਵਿੰਦਰ ਸਿੰਘ 98720-33997 ਅਤੇ ਬਲਾਕ ਸਰਦੂਲਗੜ੍ਹ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ 98725-52742 ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਟਿੱਡੀ ਦਲ ਦਾ ਹਮਲਾ ਆਪਣੇ ਖੇਤ ਜਾਂ ਖੇਤ ਦੇ ਆਲੇ ਦੁਆਲੇ ਦਿੱਸਦਾ ਹੈ ਤਾਂ ਸਬੰਧਤ ਅਫਸਰ ਨਾਲ ਤਾਲਮੇਲ ਕੀਤਾ ਜਾਵੇ। ਡਾ. ਰਾਮ ਸਰੂਪ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਅਜੇ ਤੱਕ ਟਿੱਡੀ ਦਲ ਦਾ ਹਮਲਾ ਦੇਖਣ ਵਿੱਚ ਨਹੀਂ ਆਇਆ ਹੈ। ਸੋ ਕਿਸਾਨ ਵੀਰਾਂ ਨੂੰ ਇਸ ਸਬੰਧੀ ਘਬਰਾਉਣ ਦੀ ਜਰੂਰਤ ਨਹੀਂ ਹੈ, ਪਰ ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਉਨ੍ਹਾਂ ਟਿੱਡੀ ਦਲ ਦੇ ਹਮਲੇ ਦੇ ਆਰਥਿਕ ਕਗਾਰ ਬਾਰੇ ਦੱਸਦਿਆਂ ਕਿਹਾ ਕਿ 10,000 ਟਿੱਡੇ ਪ੍ਰਤੀ ਹੈਕਟੇਅਰ ਜਾਂ 5-6 ਟਿੱਡੇ ਪ੍ਰਤੀ ਬੂਟੇ ਸਾਰੇ ਖੇਤ ਵਿੱਚ ਹੋਣ ਤਾਂ ਕਿਸਾਨ ਵੀਰਾਂ ਨੂੰ ਇਸ ਦੀ ਰੋਕਥਾਮ ਲਈ ਕਲੋਰੋਪੈਰੀਫਾਸ 20 ਈ.ਸੀ., 1200 ਮਿ.ਲੀ. ਪ੍ਰਤੀ ਹੈਕਟੇਅਰ ਜਾਂ ਲੈਮਡਾ ਸਾਈਹੈਲੋਥਰਿਨ 5 ਈ.ਸੀ. 400 ਮਿ.ਲੀ. ਦੇ ਹਿਸਾਬ ਨਾਲ ਸਪਰੇਅ ਕਰਨੀ ਚਾਹੀਦੀ ਹੈ। ਮੁੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਟਿੱਡੀ ਦਲ ਦਾ ਹਮਲਾ ਆਮ ਤੌਰ ’ਤੇ ਸ਼ਾਮ ਨੂੰ ਹੁੰਦਾ ਹੈ ਅਤੇ ਟਿੱਡੀ ਦਲ ਪਹਿਲਾਂ ਦਰੱਖਤਾ ’ਤੇ ਬੈਠਦਾ ਹੈ ਇਸ ਲਈ ਸਪਰੇਅ ਜਾਂ ਤਾਂ ਰਾਤ ਨੂੰ ਕਰੋ ਜਾਂ ਸਵੇਰੇ ਧੁੱਪ ਨਿਕਲਣ ਤੋਂ ਪਹਿਲਾਂ-ਪਹਿਲਾਂ ਕੀਤੀ ਜਾਵੇ ਕਿਉਂ ਕਿ ਦਿਨ ਵੇਲੇ ਇਹ ਫਸਲ ’ਤੇ ਬੈਠਦਾ ਹੈ ਤੇ ਫਸਲ ਨੂੰ ਤਬਾਹ ਕਰ ਦਿੰਦਾ ਹੈ