
11,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਕਿਸਾਨ ਅੰਦੋਲਨ ਖਤਮ ਹੋ ਮਗਰੋਂ ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਟਰੈਕਟਰ ਟਰਾਲੀ ਨੂੰ ਇਕ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਟਰਾਲੀ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਪਿੰਡ ਆਸਾ ਬੁੱਟਰ (ਮੁਕਤਸਰ) ਦੇ ਰਹਿਣ ਵਾਲੇ ਸਨ। ਇਸ ਹਾਦਸੇ ’ਚ ਇਕ ਕਿਸਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। ਪਿੰਡ ਆਸਾ ਬੁੱਟਰ ਦੇ ਕੁਝ ਨੌਜਵਾਨ ਕਿਸਾਨ ਅੰਦੋਲਨ ਦੇ ਖ਼ਤਮ ਹੋਣ ’ਤੇ ਬੀਤੇ ਦਿਨੀਂ ਟਿੱਕਰੀ ਬਾਰਡਰ ਤੋਂ ਆਪਣਾ ਸਾਮਾਨ ਤੇ ਆਪਣੇ ਸਾਥੀ ਕਿਸਾਨਾਂ ਨੂੰ ਵਾਪਸ ਲਿਆਉਣ ਲਈ ਟਿਕਰੀ ਬਾਰਡਰ ’ਤੇ ਗਏ ਸਨ।
ਜ਼ਿਕਰਯੋਗ ਹੈ ਕਿ ਇੱਕ ਟਰੈਕਟਰ ਦੇ ਪਿੱਛੇ ਦੋ ਟਰਾਲੀਆਂ ਲੱਗੀਆਂ ਹੋਈਆਂ ਸਨ। ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਹਿਸਾਰ ਨੇੜੇ ਪੁੱਜਣ ‘ਤੇ ਪਿੱਛੇ ਤੋਂ ਆ ਰਹੇ ਇਕ ਕੈਂਟਰ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰਾਲੀ ‘ਚ ਸਵਾਰ ਦੋ ਕਿਸਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਦੋਵੇਂ ਕਿਸਾਨ ਲੰਬੇ ਸਮੇਂ ਤੋਂ ਟਿੱਕਰੀ ਸਰਹੱਦ ’ਤੇ ਧਰਨੇ ’ਤੇ ਬੈਠੇ ਸਨ।
ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਦੇ ਕੋਲ ਇੱਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਦੋ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜ਼ਖ਼ਮੀ ਕਿਸਾਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ।
