ਮਾਨਸਾ 17 ਜੁਲਾਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ) —- ਟਰੱਕ ਯੂਨੀਅਨ ਵਿੱਚ ਢੋਆ-ਢੁਆਈ ਦੇ ਹੁੰਦੇ ਟੈਂਡਰਾਂ ਨੂੰ ਸਿਰਫ ਟਰਾਂਸਪੋਟਰਾਂ ਨੂੰ ਹੀ ਦੇਣ ਦੀ ਮੰਗ ਉੱਠੀ ਹੈ। ਅਨੇਕਾਂ ਟਰੱਕ ਓਪਰੇਟਰ ਮੰਦਹਾਲੀ ਦੀ ਜਿੰਦਗੀ ਜੀਅ ਰਹੇ ਹਨ। ਜਿਸ ਪਿੱਛੇ ਕਾਰਨ ਹੈ ਕਿ ਟਰੱਕ ਯੂਨੀਅਨ ਦੇ ਨਾਮ ਹੋਰ ਬਾਹਰਲੇ ਵਿਅਕਤੀ ਜਾਂ ਠੇਕੇਦਾਰ ਟੈਂਡਰ ਲੈ ਲੈਂਦੇ ਹਨ ਅਤੇ ਕੰਮ ਵੀ ਤਸੱਲੀਬਖਸ ਨਹੀਂ ਹੁੰਦਾ। ਜਿਸ ਕਾਰਨ ਟਰੱਕ ਓਪਰੇਟਰ ਆਪਣੀ ਪੂਰੀ ਮਿਹਨਤ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਟਰੱਕ ਯੂਨੀਅਨ ਮਾਨਸਾ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ਅਤੇ ਹੋਰਨਾਂ ਨੇ ਮੰਗ ਕੀਤੀ ਹੈ ਕਿ ਕਿਸੇ ਵੇਲੇ ਟਰੱਕ ਓਪਰੇਟਰ ਵਧੀਆ ਮੁਨਾਫੇ ਵਿੱਚ ਅਤੇ ਚੰਗੇ ਓਪਰੇਟਰ ਗਿਣੇ ਜਾਂਦੇ ਸੀ। ਅੱਜ ਉਨ੍ਹਾਂ ਦੀ ਹਾਲਤ ਭੁੱਖਮਰੀ ਵਾਲੀ ਹੋ ਗਈ ਹੈ ਕਿਉਂਕਿ ਪਹਿਲਾਂ ਵਰਗੀ ਆਮਦਨ ਵੀ ਨਹੀਂ ਰਹੀ ਅਤੇ ਟੈਂਡਰਾਂ ਵਿੱਚ ਗੈਰ ਟਰਾਂਸਪੋਟਰਾਂ ਦਾ ਕਬਜਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਬਦਲੀ ਹੈ। ਲਾਜਮੀ ਹੈ ਕਿ ਨਵਾਂ ਵਾਤਾਵਰਣ ਸਿਰਜਿਆ ਗਿਆ ਹੈ। ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਗਲਤ ਰਿਵਾਇਤਾਂ ਨੂੰ ਤੋੜਣ ਦੀ ਕਵਾਇਦ ਸ਼ੁਰੂ ਹੋ ਗਈ ਹੈ, ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਤੋਂ ਠੇਕੇਦਾਰਾਂ ਨੂੰ ਦਿੱਤੇ ਢੋਆ-ਢੁਆਈ ਦੇ ਟੈਂਡਰਾਂ ਦੀ ਪੜਤਾਲ ਕੀਤੀ ਜਾਵੇ ਅਤੇ ਨਵੇਂ ਸਿਰੇ ਤੋਂ ਟੈਂਡਰ ਕਰਕੇ ਟਰੱਕ ਯੂਨੀਅਨ ਦੇ ਓਪਰਟੇਰਾਂ ਨੂੰ ਟੈਂਡਰ ਦਿੱਤੇ ਜਾਣ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਟਰੱਕ ਓਪਰੇਟਰ ਮੰਦਹਾਲੀ ਵਿੱਚੋਂ ਬਾਹਰ ਆ ਸਕਣ। ਉਨ੍ਹਾਂ ਕਿਹਾ ਕਿ ਗੈਰ ਠੇਕੇਦਾਰ ਉਨ੍ਹਾਂ ਦੀ ਢੋਆ-ਢੁਆਈ ਦੇ ਵਾਜਬ ਮੁੱਲ ਨਹੀਂ ਦਿੰਦੇ ਜਦਕਿ ਆਪਣੀਆਂ ਜੇਬਾਂ ਭਰ ਲੈਂਦੇ ਹਨ ਅਤੇ ਉਹ ਮੁਨਾਫੇ ਤੋਂ ਵਾਂਝੇ ਹੋ ਜਾਂਦੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਠੇਕੇਦਾਰਾਂ ਵੱਲੋਂ ਓਪਰੇਟਰਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਬੰਦ ਕਰਵਾਉਣ ਅਤੇ ਇਸ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਯੂਨੀਅਨ ਨੂੰ ਸਿੱਧੈ ਟੈਂਡਰ ਦੇਣ ਤਾਂ ਜੋ ਉਨ੍ਹਾਂ ਨੂੰ ਪੂਰੀ ਮਿਹਨਤ ਮਿਲ ਸਕੇ। ਇਸ ਮੌਕੇ ਮੈਂਬਰ ਬੂਟਾ ਸਿੰਘ ਤੋਂ ਇਲਾਵਾ ਟਰੱਕ ਓਪਰੇਟਰ ਵੀ ਮੌਜੂਦ ਸਨ।