ਮਾਨਸਾ,1 ਸਤੰਬਰ (ਸਾਰਾ ਯਹਾ/ ਹੀਰਾ ਸਿੰਘ ਮਿੱਤਲ) ਮੰਗਲਵਾਰ ਦੀ ਸ਼ਹਿਰ ਦੇ ਵਿੱਚ ਕਾਰਲੇ ਰੇਲਵੇ ਫਾਟਕ ਤੇ ਜਾ ਰਹੀ ਇੱਕ ਔਰਤ ਦੀ ਟਰੱਕ ਥੱਲੇ ਆ ਜਾਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਚੌਂਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰ: 17 ਦੀ ਵਾਸੀ ਰਾਣੀ ਕੌਰ (54) ਪਤਨੀ ਬੁੱਧ ਸਿੰਘ ਵਾਸੀ ਮਾਨਸਾ ਆਪਣੇ ਕਿਸੇ ਕੰਮ ਕਾਰ ਲਈ ਰੇਲਵੇ ਫਾਟਕ ਤੋਂ ਗੁਜਰ ਰਹੀ ਸੀ ਤਾਂ ਉਸ ਦੌਰਾਨ ਸਪੈਸ਼ਲ ਚੌਲਾਂ ਦੀ ਢੋਆ ਢੁਆਈ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਟਰੱਕਾਂ ਦੀ ਆਵਾਜਾਈ ਚੱਲ ਰਹੀ ਸੀ। ਇਸ ਦੌਰਾਨ ਇੱਕ ਟਰੱਕ ਪੀਬੀ-31 ਪੀ-5158, ਜਿਸ ਨੂੰ ਕਿ ਸੁਖਦੇਵ ਸਿੰਘ ਪੁੱਤਰ ਬੰਤ ਸਿੰਘ ਵਾਸੀ ਵਾਰਡ ਨੰ: 26 ਚਲਾ ਰਿਹਾ ਸੀ, ਦੇ ਪਿਛਲੇ ਟਾਇਰ ਥੱਲੇ ਆ ਜਾਣ ਕਾਰਨ ਰਾਣੀ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਪਹੁੰਚਾਇਆ ਗਿਆ, ਇਸ ਤੇ ਕਾਰਵਾਈ ਕਰਦਿਆਂ ਥਾਣਾ ਚੌਂਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਟਰੱਕ ਚਾਲਕ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਟਰੱਕ ਚਾਲਕ ਨੂੰ ਟਰੱਕ ਸਮੇਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
–ਬਾਕਸ-
-ਮਾਨਸਾ ਸ਼ਹਿਰ ਦੇ ਵਿੱਚਕਾਰ ਰੇਲਵੇ ਫਾਟਕ ਤੇ ਲੋਕਾਂ ਦੀ ਆਵਾਜਾਈ ਵੱਡੀ ਗਿਣਤੀ ਵਿੱਚ ਬਣੀ ਰਹਿੰਦੀ ਹੈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਸਮੇਂ ਸਮੇਂ ਤੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ, ਪਰ ਇਸ ਦੇ ਨਾਲ ਨਾਲ ਰੇਲਵੇ ਸਟੇਸ਼ਨ ਤੇ ਸ਼ਪੈਸ਼ਲ ਢੋਆ ਢੁਆਈ ਲਈ ਗੱਡੀਆਂ ਦਾ ਲੱਗਣਾ ਸ਼ਹਿਰ ਵਾਸੀਆਂ ਲਈ ਜਾਨ ਦੀ ਖੋਹ ਦਾ ਕਾਰਨ ਬਣਦੀਆਂ ਹਨ, ਕਿਉਂਕਿ ਇਸ ਫਾਟਕ ਤੋਂ ਵੱਡੀ ਗਿਣਤੀ ਵਿੱਚ ਟਰੱਕਾਂ ਦਾ ਜਮਾਵੜ੍ਹਾ ਲੱਗਿਆ ਰਹਿੰਦਾ ਹੈ ਅਤੇ ਆਮ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ। ਆਮ ਸ਼ਹਿਰੀਆਂ ਦਾ ਕਹਿਣਾ ਹੈ ਕਿ ਸ਼ਪੈਸ਼ਲ ਗੱਡੀਆਂ ਦੀ ਲੋਡਿੰਗ ਸ਼ਹਿਰ ਤੋਂ ਬਾਹਰ ਹੋਣੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਨੂੰ ਇਸ ਭੀੜ ਭਰੀ ਜਿੰਦਗੀ ਤੋਂ ਰਾਹਤ ਮਿਲ ਸਕੇ।