
ਨਵੀਂ ਦਿੱਲੀ 24, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਬਿਆਨ ਦਿੱਤਾ ਹੈ। ਪੁਲਿਸ ਨੂੰ ਟਰੈਕਟਰ ਪਰੇਡ ‘ਚ ਗੜਬੜ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਪਾਕਿਸਤਾਨ ‘ਚ 308 ਟਵਿੱਟਰ ਹੈਂਡਲ ਬਣਾਏ ਗਏ ਹਨ ਤਾਂ ਜੋ ਮਾਹੌਲ ਖਰਾਬ ਕੀਤਾ ਜਾ ਸਕੇ। ਹਾਲਾਂਕਿ ਪੁਲਿਸ ਹੁਣ ਸੁਚੇਤ ਹੈ। ਕਿਸਾਨਾਂ ਨੂੰ ਸ਼ਰਤਾਂ ਦੇ ਨਾਲ ਦਿੱਲੀ ‘ਚ ਤਿੰਨ ਥਾਵਾਂ ‘ਤੇ ਪਰੇਡ ਕੱਢਣ ਦੀ ਆਗਿਆ ਦਿੱਤੀ ਗਈ ਹੈ।
ਦਿੱਲੀ ਪੁਲਿਸ ਦੇ ਵਿਸ਼ੇਸ਼ ਸੀਪੀ ਇੰਟੈਲੀਜੈਂਸ ਦੀਪੇਂਦਰ ਪਾਠਕ ਨੇ ਦੱਸਿਆ ਕਿ ਸਿੰਘੂ ਸਰਹੱਦ ‘ਤੇ 62 ਕਿਲੋਮੀਟਰ ਦਾ ਰਸਤਾ, ਟਿਕਰੀ ਸਰਹੱਦ ‘ਤੇ 63 ਕਿਲੋਮੀਟਰ ਅਤੇ ਗਾਜ਼ੀਪੁਰ ਤੋਂ 46 ਕਿਲੋਮੀਟਰ ਦਾ ਰੂਟ ‘ਤੇ ਤੈਅ ਕੀਤਾ ਗਿਆ ਹੈ।
ਦੀਪੇਂਦਰ ਪਾਠਕ ਨੇ ਕਿਹਾ ਕਿ ਸਾਨੂੰ ਕਈ ਇੰਟੈਲੀਜੈਂਸ ਇਨਪੁੱਟ ਮਿਲੇ ਹਨ ਕਿ ਇਸ ਟਰੈਕਟਰ ਰੈਲੀ ਨੂੰ ਭੰਗ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਪਾਕਿਸਤਾਨ ‘ਚ 308 ਟਵਿੱਟਰ ਹੈਂਡਲ ਬਣਾਏ ਗਏ ਹਨ ਤਾਂ ਜੋ ਕਾਨੂੰਨ ਵਿਵਸਥਾ ਨੂੰ ਖਰਾਬ ਕੀਤਾ ਜਾ ਸਕੇ ਅਤੇ ਇਸ ਟਰੈਕਟਰ ਪਰੇਡ ਨੂੰ ਡਿਸਟਰਬ ਕੀਤਾ ਜਾ ਸਕੇ।
ਦਿੱਲੀ ਪੁਲਿਸ ਦੇ ਵਿਸ਼ੇਸ਼ ਸੀਪੀ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਪਰੇਡ ਬਾਰੇ ਕਿਸਾਨਾਂ ਨਾਲ ਪੰਜ ਤੋਂ ਛੇ ਵਾਰ ਗੱਲਬਾਤ ਹੋਈ। ਟਰੈਕਟਰ ਪਰੇਡ ਸ਼ਾਂਤੀਪੂਰਵਕ ਦਿੱਲੀ ਦੇ ਤਿੰਨ ਸਥਾਨਾਂ, ਸਿੰਘੂ ਸਰਹੱਦ, ਟਿਕਰੀ ਸਰਹੱਦ ਅਤੇ ਗਾਜੀਪੁਰ ਸਰਹੱਦ ਤੋਂ ਕੱਢੀ ਜਾ ਸਕਦੀ ਹੈ। ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਬਾਅਦ ਟਰੈਕਟਰ ਰੈਲੀ ਸ਼ੁਰੂ ਹੋਵੇਗੀ। ਟਰੈਕਟਰਾਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਸ਼ਾਂਤੀ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਤਰੀਕੇ ‘ਤੇ ਸਮਝੌਤਾ ਹੋਇਆ ਹੈ।
