ਟਰੈਕਟਰ-ਟਰਾਲੀਆਂ ‘ਤੇ ਸਵਾਰ ਹੋ ਦਿੱਲੀ ‘ਤੇ ਧਾਵਾ ਬੋਲਣਗੇ ਕਿਸਾਨ, ਜੇ ਰੋਕਿਆ ਦਾ ਕਰਨਗੇ ਇਹ ਕੰਮ

0
106

ਲੁਧਿਆਣਾ 16 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅੱਜ ਲੁਧਿਆਣਾ ਦੇ ਗੁਰਦੁਆਰਾ ਸਰਾਭਾ ਨਗਰ ਵਿੱਚ ਅਹਿਮ ਬੈਠਕ ਹੋਈ। ਇਸ ਬੈਠਕ ਵਿੱਚ 26-27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨ ਲਈ ਕਿਸਾਨਾਂ ਨੇ ਅਹਿਮ ਫੈਸਲੇ ਲਏ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੇ ਰਵਾਇਤੀ ਸੰਦ ਟਰੈਕਟਰ ਟਰਾਲੀਆਂ ਭਰ ਕੇ ਦਿੱਲੀ ਵੱਲ ਕਿਸਾਨ ਜਥੇਬੰਦੀਆਂ ਕੂਚ ਕਰਨਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕੇ ਜੇ ਰਸਤੇ ਵਿੱਚ ਉਨ੍ਹਾਂ ਨੂੰ ਕਿਤੇ ਵੀ ਰੋਕਿਆ ਗਿਆ ਤਾਂ ਉਹ ਉੱਥੇ ਹੀ ਚੱਕਾ ਜਾਮ ਕਰ ਦੇਣਗੇ।

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ “ਭਾਜਪਾ ਦੀ ਸਰਕਾਰ ਨੂੰ ਜਗਾਉਣ ਲਈ ਸਿਰਫ ਪੰਜਾਬ ਨਹੀਂ ਸਗੋਂ ਦੇਸ਼ ਭਰ ਦੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਹਰਿਆਣਾ ਦੀਆਂ ਵੀ ਕਿਸਾਨ ਜਥੇਬੰਦੀਆਂ ਧਰਨਿਆਂ ‘ਚ ਸ਼ਾਮਲ ਹੋਣਗੀਆਂ। ਪਹਿਲਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਧਰਨੇ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਬੀਤੇ ਦਿਨੀਂ ਹੋਈ ਬੈਠਕ ਬੇਸਿੱਟਾ ਨਿਕਲਣ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਉਹ ਪਰਮਿਸ਼ਨ ਵੀ ਰੱਦ ਕਰ ਦਿੱਤੀ ਹੈ। ਇਸ ਕਰਕੇ ਹੁਣ ਅਗਲੀ ਰਣਨੀਤੀ ਲਈ 18 ਤਰੀਖ ਨੂੰ ਚੰਡੀਗੜ੍ਹ ਵਿੱਚ ਬੈਠਕ ਕੀਤੀ ਜਾਵੇਗੀ।”

ਉਧਰ ਬਠਿੰਡਾ ‘ਚ ਵੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਮੂਲੀਅਤ ਕੀਤੀ। ਜੋਗਿੰਦਰ ਸਿੰਘ ਨੇ ਕਿਹਾ ਕਿ “ਆਉਣ ਵਾਲੀ 18 ਨਵੰਬਰ ਨੂੰ ਅਸੀਂ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਨੇ ਹੈ ਤੇ ਮਿਤੀ 20 ਨਵੰਬਰ ਨੂੰ ਅਸੀਂ ਜ਼ਿਲ੍ਹਾ ਹੈੱਡਕੁਆਰਟਰ ਦੇ ਡੀਸੀ ਨੂੰ ਮੰਗ ਪੱਤਰ ਦੇਣੇ ਹਨ ਜੋ ਪੰਜਾਬ ਸਰਕਾਰ ਦੇ ਖ਼ਿਲਾਫ਼ ਸਾਡੀਆਂ ਮੰਗਾਂ ਹਨ। ਇਸ ਦੇ ਨਾਲ ਹੀ 26 ਤੇ 27 ਨਵੰਬਰ ਨੂੰ ਦਿੱਲੀ ਜਾਣ ਵਾਲੇ ਪ੍ਰੋਗਰਾਮ ਦਾ ਅਸੀਂ ਅੱਜ ਪ੍ਰੋਗਰਾਮ ਬਣਾਇਆ ਹੈ ਤੇ ਹਰ ਹਾਲ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਅਸੀਂ ਤਿੱਖਾ ਸੰਘਰਸ਼ ਉਲੀਕ ਰਹੇ ਹਾਂ।”

LEAVE A REPLY

Please enter your comment!
Please enter your name here